ਲੋਕਾਂ ਦੇ ਮੁੜ ਵਸੇਬੇ ਲਈ ਵਿਆਪਕ ਯੋਜਨਾਬੰਦੀ ਕਰਨ ਦੇ ਹੁਕਮ-ਕਮਲ ਕਿਸ਼ੋਰ ਯਾਦਵ/ ਵਰੁਣ ਰੂਜਮ
ਸੁਲਤਾਨਪੁਰ ਲੋਧੀ ਵਿਖੇ ਰਾਹਤ ਕਾਰਜਾਂ ਦਾ ਜਾਇਜ਼ਾ
ਐਸ ਡੀ ਆਰ ਐਫ ਨੂੰ ਦੋ ਹੋਰ ਕਿਸ਼ਤੀਆਂ ਮੁਹੱਈਆ ਕਰਵਾਉਣ ਦੇ ਹੁਕਮ
ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਲਈ ਹੜ੍ਹ ਪੀੜਤ ਇਲਾਕੇ ਵਿੱਚ ਹੋਰ ਅਸਰਦਾਰ ਢੰਗ ਨਾਲ ਕੰਮ ਕਰਨ ਲਈ ਕਿਹਾ
ਸੁਲਤਾਨਪੁਰ ਲੋਧੀ , 3 ਸਤੰਬਰ
ਕਪੂਰਥਲਾ ਜਿਲੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਦੇ ਕੰਮ ਵਿੱਚ ਸਾਥ ਦੇਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਉੱਚ ਤਾਕਤੀ ਕਮੇਟੀ ਜਿਸ ਦੇ ਮੈਂਬਰ ਸੀਨੀਅਰ ਆਈਏਐਸ ਅਧਿਕਾਰੀ ਸ੍ਰੀ ਕਮਲ ਕਿਸ਼ੋਰ ਯਾਦਵ, ਸ੍ਰੀ ਵਰੁਣ ਰੂਜ਼ਮ ਨੇ ਅੱਜ ਸੁਲਤਾਨਪੁਰ ਲੋਧੀ ਪਹੁੰਚ ਕੇ ਰਾਹਤ ਕੰਮਾਂ ਵਿੱਚ ਲੱਗੀਆਂ ਟੀਮਾਂ ਨਾਲ ਵਿਸਥਾਰਤ ਮੀਟਿੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ , ਹਲਕਾ ਇੰਚਾਰਜ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੱਜਣ ਸਿੰਘ ਚੀਮਾ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ , ਐਸ ਐਸ ਪੀ ਗੌਰਵ ਤੂਰਾ ਤੇ ਡਰੇਨਜ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ ।
ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅਧਿਕਾਰੀਆਂ ਨੂੰ ਕਿਹਾ ਕਿ ਰਾਹਤ ਕਾਰਜਾਂ ਨੂੰ ਜੰਗੀ ਪੱਧਰ ਉੇਪਰ ਚਲਾਇਆ ਜਾਵੇ । ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੰਗ ਉੇਪਰ ਕਪੂਰਥਲਾ ਜ਼ਿਲ੍ਹੇ ਵਿੱਚ ਐਸ ਡੀ ਆਰ ਐਫ ਦੇ ਹੈੱਡ ਕੁਆਰਟਰ ਨੂੰ ਦੋ ਹੋਰ ਕਿਸ਼ਤੀਆਂ ਦੇਣ ਦੇ ਹੁਕਮ ਦਿੱਤੇ।
ਉਨ੍ਹਾਂ ਜਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਕੰਮਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਜ਼ਿਲ੍ਹੇ ਵਿੱਚ ਮਨੁੱਖੀ ਜਾਨਾਂ ਦਾ ਬਚਾਅ ਹੋਇਆ ਹੈ ।
ਸ੍ਰੀ ਯਾਦਵ ਨੇ ਕਿਹਾ ਕਿ ਹੁਣ ਅਸੀਂ ਬਚਾਅ ਕਾਰਜਾਂ ਤੋਂ ਬਾਅਦ ਰਾਹਤ ਦੇ ਨਾਲ ਨਾਲ ਲੋਕਾਂ ਦੇ ਮੁੜ ਵਸੇਬੇ ਲਈ ਕੰਮ ਕਰਨਾ ਹੈ, ਇਸ ਲਈ ਸਾਰੇ ਵਿਭਾਗ ਆਪਣੇ ਆਪਣੇ ਕੰਮ ਜਿਨਾਂ ਵਿੱਚ ਸੜਕਾਂ,ਪੁਲਾਂ ਦੀ ਮੁਰੰਮਤ,ਬਿਜਲੀ ਸਪਲਾਈ ਦੀ ਬਹਾਲੀ, ਪੀਣ ਵਾਲੇ ਪਾਣੀ ਦੀ ਸਪਲਾਈ, ਡਾਕਟਰੀ ਸਹਾਇਤਾ ਆਦਿ ਸ਼ਾਮਿਲ ਹਨ, ਲਈ ਕੰਮ ਕਰਨਾ ਸ਼ੁਰੂ ਕਰਨ।
ਇਸ ਮੌਕੇ ਖੇਤੀਬਾੜੀ ਵਿਭਾਗ ਨੂੰ ਆਉਣ ਵਾਲੇ ਸੀਜਨ ਦੀ ਤਿਆਰੀ ਲਈ ਕੰਮ ਕਰਨ ਅਤੇ ਪਸ਼ੂਆਂ ਦੇ ਚਾਰੇ ਲਈ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੀ ਇਹ ਯਕੀਨੀ ਬਣਾਵੇ ਕਿ ਪਸ਼ੂਆਂ ਦਾ ਕਿਸੇ ਬਿਮਾਰੀ ਨਾਲ ਕੋਈ ਨੁਕਸਾਨ ਨਾ ਹੋਵੇ।
ਇਸ ਤੋਂ ਇਲਾਵਾ ਖੁਰਾਕ ਸਪਲਾਈ ਵਿਭਾਗ ਇਲਾਕੇ ਵਿੱਚ ਡੀਜ਼ਲ, ਪੈਟਰੋਲ ਅਤੇ ਗੈਸ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ਜਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਟੀਮਾਂ ਲਗਾਤਾਰ ਯਤਨਸ਼ੀਲ ਹਨ ।ਇਸ ਤੋਂ ਇਲਾਵਾ 6 ਟੀਮਾਂ ਵੈਟਰਨਰੀ ਵਿਭਾਗ ਦੀਆਂ ਬਣਾਈਆਂ ਹਨ ਜੋ ਕਿ ਲਗਾਤਾਰ ਕੰਮ ਕਰ ਰਹੀਆਂ ਹਨ।



