ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣ ਤੇ ਸਿੱਖ ਰਿਵਾਇਤੀ ਖੇਡ ਗੱਤਕਾ ਨੂੰ ਮਿਲੇਗਾ ਵੱਡਾ ਹੁਲਾਰਾ : ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ

ਫਾਜ਼ਿਲਕਾ 18, ( BALRAJ ) ਸਿੱਖ ਕੌਮ ਦੀ ਕੌਮੀ ਖੇਡ ਗੱਤਕਾ ਨੂੰ ਗੋਆ ਵਿਖੇ ਅਕਤੂਬਰ ਮਹੀਨੇ ਹੋਣ ਵਾਲੀਆਂ 37ਵੀਆਂ ਨੈਸ਼ਨਲ ਗੇਮਜ -2023 ਵਿੱਚ ਗੱਤਕਾ ਨੂੰ ਸ਼ਾਮਲ ਕੀਤੇ ਜਾਣਾ ਗੱਤਕੇ ਦੀ ਕੌਮੀ ਪੱਧਰ ਉਤੇ ਤਰੱਕੀ ਲਈ ਵੱਡਾ ਕਦਮ ਸਾਬਤ ਹੋਵੇਗਾ ਅਤੇ ਦੇਸ਼ ਦੇ ਸਮੂਹ ਰਾਜਾਂ ਵਿੱਚ ਗੱਤਕੇ ਨੂੰ ਹੋਰ ਬਿਹਤਰ ਤਰੀਕੇ ਨਾਲ ਪ੍ਰਫੁੱਲਤ ਕੀਤਾ ਜਾ ਸਕੇਗਾl
ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਡਾਇਰੈਕਟਰ ਆਫ ਬੋਰਡ ਦੇ ਗੱਤਕਾ ਸਿਖਲਾਈ ਅਤੇ ਕੋਚਿੰਗ ਦੇ ਡਾਇਰੈਕਟਰ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਨੇ ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ.ਓ.ਏ.) ਅਤੇ ਗੇਮਜ ਟੈਕਨੀਕਲ ਕੰਡਕਟ ਕਮੇਟੀ (ਜੀ.ਟੀ.ਸੀ.ਸੀ.) ਦਾ ਧੰਨਵਾਦ ਕੀਤਾ ਹੈ। ਉੱਥੇ ਹੀ ਉਨ੍ਹਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ (ਸਟੇਟ ਐਵਾਰਡੀ) ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸੱਭ ਸ. ਗਰੇਵਾਲ ਸਾਬ ਦੀ ਅਣਥੱਕ ਮਿਹਨਤ ਤੇ ਲਗਨ ਸਦਕਾ ਹੀ ਹੋ ਸਕਿਆ ਹੈl
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਖੇਡ ਡਾਇਰੈਕਟਰ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਇਸ ਉਪਲੱਬਧੀ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ (ਸਟੇਟ ਐਵਾਰਡੀ) ਵੱਲੋਂ ਕਾਫੀ ਸਮੇਂ ਤੋਂ ਚਾਰਾਜੋਈ ਕੀਤੀ ਜਾ ਰਹੀ ਸੀl ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਈ.ਓ.ਏ. ਅਤੇ ਜੀ.ਟੀ.ਸੀ.ਸੀ. ਦੇ ਉਚ ਅਧਿਕਾਰੀਆਂ ਨਾਲ ਵੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵਲੋਂ ਉਚੇਚੀ ਮੀਟਿੰਗ ਕਰਕੇ ਗੱਤਕਾ ਖੇਡ ਨੂੰ ਉਲੰਪਿਕ ਐਸੋਸੀਏਸ਼ਨ ਵੱਲੋਂ ਮਾਨਤਾ ਦੇਣ ਅਤੇ ਕੌਮੀ ਖੇਡਾਂ ਵਿੱਚ ਸ਼ਾਮਲ ਕਰਨ ਲਈ ਬਾਦਲੀਲ ਪੱਖ ਰੱਖਿਆ ਗਿਆ ਸੀl ਜਿਸ ਉਪਰੰਤ ਸਿੱਖ ਕੌਮ ਦੀ ਕੌਮੀ ਤੇ ਵਿਰਾਸਤੀ ਖੇਡ ਗੱਤਕਾ ਨੂੰ ਰਾਸ਼ਟਰੀ ਖੇਡਾਂ ਵਿੱਚ ਬਤੌਰ ਡੈਮੋ ਖੇਡ (ਪ੍ਰਦਰਸ਼ਨ) ਵਜੋਂ ਸ਼ਾਮਿਲ ਕੀਤਾ ਗਿਆ ਹੈ।
ਖੇਡ ਡਾਇਰੈਕਟਰ ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਨੇ ਇਸ ਫੈਸਲੇ ਲਈ ਜਿੱਥੇ ਆਈ.ਓ.ਏ. ਦੀ ਪ੍ਰਧਾਨ ਡਾ. ਪੀ.ਟੀ. ਊਸ਼ਾ (ਮੈਂਬਰ ਰਾਜ ਸਭਾ) ਅਤੇ ਜੀ.ਟੀ.ਸੀ.ਸੀ. ਦੇ ਚੇਅਰਮੈਨ ਅਮੀਤਾਬ ਸ਼ਰਮਾ, ਕਾਰਜਕਾਰਨੀ ਮੈਂਬਰ ਸ. ਭੁਪਿੰਦਰ ਸਿੰਘ ਬਾਜਵਾ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਹੈ, ਉਥੇ ਹੀ ਉਨ੍ਹਾਂ ਵੱਲੋਂ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਹੈ ਕਿ ਹੁਣ ਸਮੂਹ ਰਾਜਾਂ ਵਿੱਚ ਗੱਤਕੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਫੁੱਲਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੌਮੀ ਖੇਡਾਂ ਵਿੱਚ ਭਾਗ ਲੈਣ ਲਈ ਹੁਣ ਤੋਂ ਹੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨl ਪ੍ਰੋ. ਰਾਮਗੜ੍ਹੀਆ ਨੇ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਆਪਣੀਆਂ ਸਮੂਹ ਰਾਜਾਂ ਦੀਆਂ ਐਫੀਲੀਏਟਿਡ ਗੱਤਕਾ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਕਿ ਜਲਦ ਹੀ ਐਸੋਸੀਏਸ਼ਨ ਵਲੋਂ ਆਉਣ ਵਾਲੇ ਦਿਨਾਂ ਵਿੱਚ ਨੈਸ਼ਨਲ ਪੱਧਰ ਦੇ ਗੱਤਕਾ ਮੁਕਾਬਲੇ ਵੀ ਕਰਵਾਏ ਜਾਣਗੇl


