ਹੈੱਡਮਾਸਟਰ ਐਸੋਸੀਏਸ਼ਨ, ਫਾਜ਼ਿਲਕਾ ਨੇ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਅਤੇ ਹਲਕਾ ਵਿਧਾਇਕ ਫਾਜਿਲਕਾ ਸ. ਨਰਿੰਦਰਪਾਲ ਸਿੰਘ ਸਵਨਾ ਨੂੰ ਮੰਗ ਪੱਤਰ ਦਿੰਦਿਆਂ ਜਤਾਇਆ ਰੋਸ
ਫਾਜਿਲਕਾ , 24 ਅਗਸਤ : ਹੈੱਡਮਾਸਟਰਜ਼ ਐਸੋਸੀਏਸ਼ਨ, ਪੰਜਾਬ ਦੁਆਰਾ ਦਿੱਤੇ ਸੱਦੇ ‘ਤੇ ਰੱਖੇ ਗਏ ਪ੍ਰੋਗਰਾਮ ਪੰਜਾਬ ਦੇ 117 ਵਿਧਾਇਕਾਂ ਅਤੇ 13 ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣ ਅਤੇ ਮੰਗਾਂ ਨਾ ਮੰਨੀਆਂ ਜਾਣ ਵਿਰੁੱਧ ਰੋਸ ਪ੍ਰਗਟ ਕਰਨ ਦੀ ਲੜੀ ਤਹਿਤ ਅੱਜ ਹੈੱਡਮਾਸਟਰਜ਼ ਐਸੋਸੀਏਸ਼ਨ, ਫਾਜਿਲਕਾ ਵੱਲੋਂ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਜੀ ਅਤੇ ਹਲਕਾ ਵਿਧਾਇਕ ਫਾਜਿਲਕਾ ਸ. ਨਰਿੰਦਰਪਾਲ ਸਿੰਘ ਸਵਨਾ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਉਹਨਾਂ ਨੇ ਹੈੱਡਮਾਸਟਰ ਕਾਡਰ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਪਹੁੰਚਦਾ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਸਤਿੰਦਰ ਬੱਤਰਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਣਗੌਲੇ ਕੀਤੇ ਹੈੱਡਮਾਸਟਰ ਕਾਡਰ ਵਿੱਚ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਵਿਰੁੱਧ ਭਾਰੀ ਰੋਸ ਹੈ ਜਿਸ ਦੇ ਚੱਲਦਿਆਂ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਅਣਦੇਖੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਰਣਨੀਤੀ ਘੜੀ ਜਾਵੇਗੀ। ਉਹਨਾਂ ਨੇ ਕਿਹਾ ਕਿ ਚਾਹੇ 2019 ਵਿੱਚ ਨਿਕਲੀ ਭਰਤੀ ਦੌਰਾਨ ਪਹਿਲਾਂ ਹੀ ਸਾਲਾਂ ਬੱਧੀ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੇ ਪੀ. ਪੀ. ਐੱਸ. ਸੀ. ਦਾ ਇਮਤਿਹਾਨ ਪਾਸ ਕਰਕੇ ਜਨਵਰੀ 2020 ਵਿੱਚ ਹੈੱਡਮਾਸਟਰਾਂ ਵਜੋਂ ਜੁਆਇੰਨ ਕੀਤਾ ਅਤੇ ਦਿਨਾਂ ਵਿੱਚ ਹੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ, ਪਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਵੱਲ ਕਦੇ ਵੀ ਸੁਹਿਰਦਤਾ ਨਾਲ ਧਿਆਨ ਨਹੀਂ ਦਿੱਤਾ। ਜਿੱਥੇ ਉਹਨਾਂ ਦੇ ਹੈੱਡਮਾਸਟਰ ਕਾਡਰ ਨੂੰ ਆਪਣਾ ਪਰਖ ਕਾਲ ਸਮਾਂ ਵੀ ਧਰਨਿਆਂ ਨਾਲ਼ ਕਲੀਅਰ ਕਰਾਉਣਾ ਪਿਆ।ਉਹਨਾਂ ਵਲੋਂ ਹੈੱਡਮਾਸਟਰ ਕਾਡਰ ਦੇ ਗਰੇਡ ਪੇ ਵਿੱਚ ਵਾਧਾ ਕਰਨ, ਹਾਇਰ ਰਿਸਪਾਂਸੀਬਿਲਟੀ ਇਨਕਰਮੈਂਟ ਦੇਣ, ਹੁਣ ਤੱਕ ਬਣਦੇ ਬੈਕਲਾਗ ਕੋਟੇ ਦੀਆਂ ਤਰੱਕੀਆਂ ਅਤੇ ਪ੍ਰਿੰਸੀਪਲ ਦੀ ਪੋਸਟ ਲਈ ਪ੍ਰਮੋਸ਼ਨ ਕੋਟੇ ਵਿੱਚ 50% ਵਾਧੇ ਦੀਆਂ ਬਿਲਕੁਲ ਜਾਇਜ਼, ਹੱਕੀ ਤੇ ਤਰਕਸੰਗਤ ਮੰਗਾਂ ਪ੍ਰਤੀ ਸੁਹਿਰਦਤਾ ਨਾਲ਼ ਧਿਆਨ ਦੇਣ ਦੀ ਮੰਗ ਕੀਤੀ। ਇਸ ਮੌਕੇ ਹੈੱਡਮਾਸਟਰ ਵਿਕਰਾਂਤ ਸਚਦੇਵਾ, ਵਿਕਾਸ ਗਰੋਵਰ, ਸੁਰਿੰਦਰਪਾਲ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।



