ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਵਿੱਚ ਹੋਈ ਫੇਲ, ਸੇਵਾ ਕੇਂਦਰ ਤੇ 1076 ਨੰਬਰ ਲੋਕਾਂ ਦੀ ਪਹੁੰਚ ਤੋਂ ਬਾਹਰ-ਸੁਨੀਲ ਜਾਖੜ

ਹੋਰ ਤੇਜ਼ੀ ਨਾਲ ਜਾਰੀ ਰਹਿਣਗੇ ਪੰਜਾਬ ਵਿੱਚ ਲੋਕਾਂ ਦੀ ਭਲਾਈ ਲਈ ਲਾਏ ਜਾ ਰਹੇ ਸੁਵਿਧਾ ਕੈਂਪ

ਚੰਡੀਗੜ੍ਹ 23 ਅਗਸਤ। ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸੁਵਿਧਾ ਕੈਂਪ ਲਗਾ ਰਹੀ ਹੈ। ਇਨ੍ਹਾਂ ਕੈਂਪਾਂ ਦਾ ਮਕਸਦ ਲੋਕਾਂ ਨੂੰ ਆਯੁਸ਼ਮਾਨ ਭਾਰਤ ਸਿਹਤ ਯੋਜਨਾ, ਕਿਸਾਨ ਸਨਮਾਨ ਨਿਧੀ ਯੋਜਨਾ, ਮਜ਼ਦੂਰਾਂ ਦੇ ਕਾਰਡ, ਵਿਸ਼ਵਕਰਮਾ ਯੋਜਨਾ ਅਤੇ ਹੋਰ ਕੇਂਦਰੀ ਸਕੀਮਾਂ ਦੇ ਲਾਭ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਇਨ੍ਹਾਂ ਦੇ ਸੇਵਾ ਕੇਂਦਰ ਗਰੀਬ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵਿੱਚ ਫੇਲ ਹੋਏ ਹਨ। ਸੇਵਾ ਕੇਂਦਰਾਂ ਵਿੱਚ ਕੇਂਦਰੀ ਸਕੀਮਾਂ ਦਾ ਲਾਭ ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹਾ।
ਭਾਜਪਾ ਨੇਤਾ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਹੱਕ ਮਾਰ ਰਹੀ ਹੈ ਅਤੇ ਸੇਵਾ ਕੇਂਦਰਾਂ ਵਿੱਚ ਕੇਂਦਰੀ ਸਕੀਮਾਂ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਰਾਏਪੁਰਾ ਵਿੱਚ ਕੱਲ ਲੱਗੇ ਸੁਵਿਧਾ ਕੈਂਪ ਵਿੱਚ 65 ਵਿਅਕਤੀਆਂ ਦੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਦੇ ਬੀਮਾ ਕਾਰਡ ਬਣਾਏ ਗਏ ਹਨ ਜਿੱਥੇ ਉਹਨਾਂ ਨੂੰ ਜਾਣ ਤੋਂ ਰੋਕਿਆ ਗਿਆ ਸੀ। ਇਸ ਤੋਂ ਇਲਾਵਾ 42 ਔਰਤਾਂ ਨੇ ਵਿਸ਼ਵਕਰਮਾ ਯੋਜਨਾ ਤਹਿਤ ਫਾਰਮ ਵੀ ਇਸ ਕੈਂਪ ਵਿੱਚ ਭਰੇ। ਉਹਨਾਂ ਕਿਹਾ ਕਿ ਉਹ ਉੱਥੇ ਲੋਕਾਂ ਨੂੰ ਜਾਗਰੂਕ ਕਰਨ ਜਾ ਰਹੇ ਸਨ ਪਰ ਵਿੱਚ ਲੱਗੇ ਇੱਕ ਸੁਵਿਧਾ ਕੈਂਪ ਸਰਕਾਰ ਨਹੀਂ ਚਾਹੁੰਦੀ ਕਿ ਗਰੀਬ ਲੋਕ ਜਾਗਰੂਕ ਹੋਣ ਤੇ ਉਨਾਂ ਨੂੰ ਸਰਕਾਰੀ ਸੁਵਿਧਾਵਾਂ ਦਾ ਲਾਭ ਮਿਲੇ ਇਸੇ ਕਰਕੇ ਇਹਨਾਂ ਵੱਲੋਂ ਦਿਖਾਵੇ ਲਈ ਜਾਰੀ ਕੀਤਾ ਗਿਆ 1076 ਨੰਬਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਇਸ ਦੌਰਾਨ ਕੱਲ ਲੱਗੇ ਕੈਂਪ ਦੀਆਂ ਤਸਵੀਰਾਂ ਅਤੇ ਲਿਸਟਾਂ ਵੀ ਜਾਖੜ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਜਿਹੜੇ ਲੋਕਾਂ ਨੇ ਕੈਂਪ ਦਾ ਲਾਭ ਲਿਆ। ਇਹ ਸੇਵਾ ਭਾਜਪਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਸੁਨੀਲ ਜਾਖੜ ਨੇ ਕਿਹਾ, “ਅਸੀਂ ਲੋਕਾਂ ਨੂੰ ਘਰ-ਘਰ ਜਾ ਕੇ ਵੀ ਸਕੀਮਾਂ ਦੀ ਜਾਣਕਾਰੀ ਦੇ ਸਕਦੇ ਹਾਂ, ਪਰ ਪੰਜਾਬ ਸਰਕਾਰ ਦੀਆਂ ਅੜਚਣਾਂ ਕਾਰਨ ਲੋਕਾਂ ਨੂੰ ਸਹੀ ਸਮੇਂ ’ਤੇ ਸਹੂਲਤਾਂ ਨਹੀਂ ਮਿਲ ਰਹੀਆਂ।” ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਵਿੱਚ 7 ਲੱਖ ਤੋਂ ਵੱਧ ਆਰਸੀਆਂ (ਰਜਿਸਟ੍ਰੇਸ਼ਨ ਸਰਟੀਫਿਕੇਟ) ਅਤੇ ਇੰਨੇ ਹੀ ਡਰਾਈਵਿੰਗ ਲਾਇਸੈਂਸ ਪੈਂਡਿੰਗ ਪਏ ਹਨ। ਇਸ ਤੋਂ ਇਲਾਵਾ, 12.50 ਲੱਖ ਕਿਸਾਨ ਕੇਂਦਰ ਸਰਕਾਰ ਦੀ ਕਿਸਾਨ ਸਨਮਾਨ ਨਿਧੀ ਯੋਜਨਾ ਤੋਂ ਸੱਖਣੇ ਹੋਏ ਪਏ ਹਨ ਅਤੇ 35 ਲੱਖ ਲੋਕ ਸਿਹਤ ਬੀਮਾ ਯੋਜਨਾ ਤੋਂ ਵਾਂਝੇ ਹਨ। ਪ੍ਰਾਈਵੇਟ ਹਸਪਤਾਲਾਂ ਦਾ 250 ਕਰੋੜ ਰੁਪਏ ਦਾ ਬਕਾਇਆ ਵੀ ਖੜਾ ਹੈ, ਜਿਸ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ।
ਜਾਖੜ ਨੇ ਪੰਜਾਬ ਸਰਕਾਰ ’ਤੇ ਸਖ਼ਤ ਨਿਸ਼ਾਨਾ ਸਾਧਦਿਆਂ ਕਿਹਾ, “ਮੁੱਖ ਮੰਤਰੀ ਸਿਰਫ਼ ਟਿੱਚਰਾਂ ਕਰਦੇ ਹਨ, ਕੰਮ ਨਹੀਂ ਕਰਦੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਨਾ ਤਾਂ ਗਿੱਦੜ ਧਮਕੀਆਂ ਤੋਂ ਡਰਦੀ ਹੈ ਅਤੇ ਨਾ ਹੀ ਰੁਕਣ ਵਾਲੀ ਹੈ। “ਸਾਡੇ ਸੁਵਿਧਾ ਕੈਂਪ ਪਹਿਲਾਂ ਵੀ ਲੱਗਦੇ ਰਹੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ। ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਸੀਐਸਸੀ (ਕਾਮਨ ਸਰਵਿਸ ਸੈਂਟਰ) ਪੰਜਾਬ ਵਿੱਚ ਕਿਤੇ ਵੀ ਕੰਮ ਕਰ ਸਕਦੇ ਹਨ। ਪਰ ਇਹ ਇਸ ਸਬੰਧੀ ਝੂਠ ਫੈਲਾ ਰਹੇ ਹਨ।
ਭਾਜਪਾ ਦੇ ਸੁਵਿਧਾ ਕੈਂਪਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ’ਤੇ ਟਿੱਪਣੀ ਕਰਦਿਆਂ ਜਾਖੜ ਨੇ ਕਿਹਾ, ਹਰਪਾਲ ਚੀਮਾ ਅਤੇ ਪ੍ਰਧਾਨ ਅਮਨ ਅਰੋੜਾ ਵਰਗੇ ਆਗੂ ਦਿੱਲੀ ਦੇ ਇਸ਼ਾਰਿਆਂ ’ਤੇ ਅਜਿਹੀ ਬਿਆਨਬਾਜ਼ੀ ਕਰਦੇ ਹਨ ਜਿਸ ਵਿੱਚ ਸਿਰਫ ਝੂਠ ਹੁੰਦਾ ਹੈ ਤੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ ਹੈ।” ਉਨ੍ਹਾ ਕਿਹਾ ਕਿ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਕੰਮ ਸੁਚਾਰੂ ਢੰਗ ਨਾਲ ਹੁੰਦੇ ਹਨ ਇਸੇ ਲਈ ਲੋਕ ਵਾਰ ਵਾਰ ਸਰਕਾਰ ਬਣਵਾਉਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।
ਸੁਨੀਲ ਜਾਖੜ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਭਾਜਪਾ ਲੋਕਾਂ ਦੇ ਹੱਕਾਂ ਲਈ ਲੜਦੀ ਰਹੇਗੀ ਅਤੇ ਉਹ ਖੁਦ ਵੀ ਹੋਰ ਲੀਡਰਾਂ ਵਾਂਗ ਡਰਨ ਵਾਲੇ ਨਹੀਂ ਕਿਉਂਕਿ ਉਹਨਾਂ ਨੇ ਕਿਹੜਾ ਬਾਹਰਲੇ ਸੂਬਿਆਂ ਤੋਂ ਬੱਸਾਂ ਦੀਆਂ ਬਾਡੀਆਂ ਬਣਵਾਈਆਂ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਸੁਵਿਧਾ ਕੈਂਪਾਂ ਵਿੱਚ ਸ਼ਾਮਲ ਹੋਣ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਉਠਾਉਣ।

CATEGORIES
TAGS
Share This

COMMENTS

Wordpress (0)
Disqus ( )
Translate