ਫਾਜ਼ਿਲਕਾ ‘ਚ ਫੌਜ, ਬੀ.ਐਸ.ਐਫ਼. ਤੇ ਸਿਵਲ ਪ੍ਰਸ਼ਾਸਨ ਦੇ ਸਾਂਝੇ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਤਿੰਨ ਦਿਨਾਂ ਦੀ ਵਰਕਸ਼ਾਪ
ਫਾਜ਼ਿਲਕਾ, 21 ਅਗਸਤ –
ਫਾਜ਼ਿਲਕਾ ਵਿਖੇ ਭਾਰਤੀ ਫੌਜ, ਬਾਰਡਰ ਸਿਕਿਊਰਟੀ ਫੋਰਸ (ਬੀ.ਐਸ.ਐਫ਼.) ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਸਾਂਝੇ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਤਿੰਨ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਸਰਹੱਦੀ ਖੇਤਰਾਂ ਨਾਲ ਸੰਬੰਧਿਤ ਸੁਰੱਖਿਆ, ਵਿਕਾਸ ਅਤੇ ਸਮਾਜਕ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਵਰਕਸ਼ਾਪ ਦੇ ਪਹਿਲੇ ਦਿਨ ਭਾਰਤੀ ਫੌਜ ਦੇ ਬ੍ਰਿਗੇਡੀਅਰ ਸੁਸ਼ੀਲ ਚਾਂਦਵਾਨੀ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਸੀਨੀਅਰ ਪੁਲਿਸ ਕਪਤਾਨ ਗੁਰਮੀਤ ਸਿੰਘ, ਏ.ਡੀ.ਸੀ. ਡਾ. ਮਨਦੀਪ ਕੌਰ, ਐਸ.ਡੀ.ਐਮ. ਵੀਰਪਾਲ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਅਤੇ ਬੀ.ਐਸ.ਐਫ਼. ਦੇ ਸੀਨੀਅਰ ਅਧਿਕਾਰੀਆਂ ਨੇ ਹਾਜ਼ਰੀ ਭਰੀ। ਦੂਜੇ ਦਿਨ ਵਿਭਾਗ ਅਨੁਸਾਰ ਲੰਬਿਤ ਮੁੱਦਿਆਂ ‘ਤੇ ਵਿਸਥਾਰ ਨਾਲ ਗੱਲਬਾਤ ਹੋਈ।
ਬੈਠਕ ਦੌਰਾਨ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਤੇ ਖ਼ਾਸ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਸਿਵਲ ਪ੍ਰਸ਼ਾਸਨ, ਫੌਜ ਅਤੇ ਬੀ.ਐਸ.ਐਫ਼. ਵਿਚਕਾਰ ਤਾਲਮੇਲ ਤੇ ਸੰਚਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ‘ਤੇ ਚਰਚਾ ਕੀਤੀ ਗਈ, ਤਾਂ ਜੋ ਸਰਹੱਦੀ ਖੇਤਰਾਂ ਦੇ ਵਸਨੀਕਾਂ ਨੂੰ ਸੁਰੱਖਿਆ ਅਤੇ ਸਹੂਲਤਾਂ ਦੇ ਮਾਮਲੇ ਵਿੱਚ ਬਿਹਤਰ ਸਹਿਯੋਗ ਮਿਲ ਸਕੇ।
ਬੈਠਕ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਸਰਹੱਦੀ ਪੱਟੀ ਦੇ ਨੌਜਵਾਨਾਂ ਨੂੰ ਫੌਜ ਅਤੇ ਅਰਧਸੈਨਿਕ ਦਸਤਿਆਂ ਵਿੱਚ ਭਰਤੀ ਲਈ ਸਹੀ ਮਾਰਗਦਰਸ਼ਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਸਾਬਕਾ ਫੌਜੀਆਂ ਦੀ ਭਲਾਈ, ਰੋਜ਼ਗਾਰ ਅਤੇ ਸਮਾਜਕ ਸੁਰੱਖਿਆ ਨਾਲ ਸੰਬੰਧਿਤ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਉਹਨਾਂ ਦੇ ਅਨੁਭਵ ਦਾ ਲਾਭ ਸਮਾਜ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ‘ਤੇ ਵੀ ਵਿਚਾਰ ਹੋਇਆ।
ਭਾਰਤੀ ਫੌਜ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਉਸ ਦੀਆਂ ਟੁਕੜੀਆਂ ਹਰ ਵੇਲੇ ਤਿਆਰ ਹਨ। ਇਸੇ ਤਰ੍ਹਾਂ ਸਰਹੱਦੀ ਪੱਟੀ ਵਿੱਚ ਅਫ਼ਵਾਹਾਂ ਅਤੇ ਝੂਠੀਆਂ ਖਬਰਾਂ ‘ਤੇ ਰੋਕ ਲਗਾਉਣ ਲਈ ਵੀ ਕੜੀ ਨਿਗਰਾਨੀ ਕਰਨ ਦਾ ਫ਼ੈਸਲਾ ਲਿਆ ਗਿਆ।
ਸਾਰੇ ਅਧਿਕਾਰੀਆਂ ਨੇ ਇਕਸੁਰ ਹੋ ਕੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਾਂਝੇ ਯਤਨ ਲਗਾਤਾਰ ਜਾਰੀ ਰਹਿਣਗੇ। ਬਾਅਦ ‘ਚ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਅਤੇ ਆਸਾਫ਼ਵਾਲਾ ਵਾਰ ਮੈਮੋਰਿਅਲ ‘ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।



