ਸ੍ਰੀ ਸਾਹਿਬ ਕਰਕੇ ਗੁਰ ਸਿੱਖ ਸਰਪੰਚ ਨੂੰ ਅਜ਼ਾਦੀ ਸਮਾਗਮ ਵਿੱਚ ਜਾਣ ਤੋਂ ਰੋਕਣਾ ਘੱਟ ਗਿਣਤੀ ਭਾਈਚਾਰੇ ਪ੍ਰਤੀ ਸੋਚ ਨੂੰ ਪੇਸ਼ ਕਰਦੀ ਘਟਨਾ-ਗਿਆਨੀ ਹਰਪ੍ਰੀਤ ਸਿੰਘ
ਨਾਭਾ ਦੇ ਪਿੰਡ ਕਾਲਸਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਪਾਸ ਹੋਣ ਦੇ ਬਾਵਜੂਦ ਲਾਲ ਕਿਲ੍ਹੇ ਨਹੀਂ ਮਿਲੀ ਐਂਟਰੀ ਦਾ ਮਾਮਲਾ
ਚੰੜੀਗੜ 17 ਅਗਸਤ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਾਭਾ ਦੇ ਨੇੜਲੇ ਪਿੰਡ ਕਾਲਸਨਾ ਦੇ ਗੁਰ ਸਿੱਖ ਸਰਪੰਚ ਸਰਦਾਰ ਗੁਰਧਿਆਨ ਸਿੰਘ ਨਾਲ ਦਿੱਲੀ ਪੁਲਿਸ ਵਲੋਂ ਕੀਤੇ ਦੁਰਵਿਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਅੱਜ ਵੀ ਸਿੱਖਾਂ ਨੂੰ (ਘੱਟ ਗਿਣਤੀ ਭਾਈਚਾਰੇ) ਨੂੰ ਵੱਖਰੀ ਪਛਾਣ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਹ ਮਾਮਲਾ ਵਧੇਰੇ ਚਿੰਤਾਜਨਕ ਇਸ ਕਰਕੇ ਬਣ ਜਾਂਦਾ ਹੈ, ਜਿਸ ਅਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਸਮੂਲੀਅਤ ਤੋਂ ਸਰਪੰਚ ਗੁਰਧਿਆਨ ਸਿੰਘ ਨੂੰ ਰੋਕਿਆ ਗਿਆ, ਦੇਸ਼ ਦੀ ਅਜਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਦੀਆਂ ਹਨ।
ਜਾਰੀ ਬਿਆਨ ਵਿੱਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਦੇਸ਼ੀ ਧਰਤੀ ਉਪਰ ਤਾਂ ਸਿੱਖਾਂ ਨੂੰ ਕਈ ਵਾਰ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ, ਪਰ ਆਜ਼ਾਦੀ ਸਮਾਗਮਾਂ ਦੇ ਮੌਕੇ ਦੇਸ਼ ਦੀ ਰਾਜਧਾਨੀ ਵਿੱਚ ਅਜਿਹੀ ਘਟਨਾ ਦਾ ਵਾਪਰਨਾ, ਮੰਦਭਾਗਾ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਦੇ ਸਮਾਜ ਪ੍ਰਤੀ ਕੀਤੇ ਉਪਰਾਲਿਆਂ ਕਰਕੇ ਭਾਰਤ ਸਰਕਾਰ ਵੱਲੋਂ ਸਰਪੰਚ ਗੁਰਧਿਆਨ ਸਿੰਘ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ। ਇਸ ਤੋਂ ਪਹਿਲਾਂ ਕੇਂਦਰੀ ਜਲ ਮੰਤਰਾਲਾ ਪਿੰਡ ਦੀ ਪੰਚਾਇਤ ਨੂੰ ਸਨਮਾਨ ਦੇ ਚੁੱਕਾ ਸੀ। ਸਰਕਾਰ ਵੱਲੋਂ ਮਿਲੇ ਅਧਿਕਾਰਿਕ ਸੱਦਾ ਪੱਤਰ ਨੰਬਰ 499 ਸਰਪੰਚ ਸਰਦਾਰ ਗੁਰਧਿਆਨ ਸਿੰਘ ਕੋਲ ਮੌਜੂਦ ਹੋਣ ਦੇ ਬਾਵਜੂਦ ਸ੍ਰੀ ਸਾਹਿਬ ਧਾਰਨ ਹੋਣ ਕਰਕੇ ਸਰਪੰਚ ਗੁਰਧਿਆਨ ਸਿੰਘ ਨੂੰ ਅਜ਼ਾਦੀ ਸਮਾਗਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਮਿਲੀ ਅਤੇ ਨਾ ਹੀ ਜਿਸ ਉਪਰਾਲੇ ਤਹਿਤ ਭਾਰਤ ਸਰਕਾਰ ਵੱਲੋਂ ਸਨਮਾਨ ਮਿਲਣਾ ਸੀ, ਓਹ ਮਿਲ ਪਾਇਆ।
ਇਸ ਪੂਰੀ ਘਟਨਾ ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਅੱਜ ਸਾਡੇ ਲਈ ਇਹ ਬਦਕਿਸਮਤੀ ਹੈ ਕਿ ਘੱਟ ਗਿਣਤੀਆਂ ਨੂੰ ਕਿਸੇ ਨਾ ਕਿਸੇ ਬਹਾਨੇ ਓਹਨਾ ਦੀ ਵੱਖਰੀ ਪਛਾਣ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ । ਓਹਨਾ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ, ਅਜਿਹੀ ਘਟਨਾਂਵਾਂ ਪ੍ਰਤੀ ਸਰਕਾਰ ਸੁਚੇਤ ਹੋਵੇ, ਭਾਰਤ ਵੱਖ ਵੱਖ ਵਰਗਾਂ, ਧਰਮਾਂ ਦਾ ਗੁਲਦਸਤਾ ਹੈ। ਇਸ ਕਰਕੇ ਇਸ ਗੁਲਦਸਤੇ ਵਿੱਚੋ ਕਿਸੇ ਇੱਕ ਨੂੰ ਨਿਸ਼ਾਨਾ ਬਣਾਉਣਾ ਸਰਾਸਰ ਗਲਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਕਿ, ਦੇਸ਼ ਦਾ ਸੰਵਿਧਾਨ ਸਿੱਖ ਨੂੰ ਕਿਰਪਾਨ ਪਹਿਨਣ ਦੀ ਇਜਾਜਤ ਦਿੰਦਾ ਹੈ ਫਿਰ ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਅਜਿਹੀਆਂ ਘਟਨਾਵਾਂ ਕਿਉ ਵਾਪਰਦੀਆਂ ਹਨ। ਇਸ ਸਬੰਧੀ ਤੁਰੰਤ ਸਖ਼ਤੀ ਨਾਲ ਹੁਕਮ ਜਾਰੀ ਕੀਤੇ ਜਾਣ ਤਾਂ ਕਿ ਅੱਗੇ ਤੋਂ ਅਜਿਹਾ ਕਿਸੇ ਵੀ ਸਿੱਖ ਨਾਲ ਨਾ ਵਾਪਰੇ।



