ਫਾਜਿ਼ਲਕਾ ਵਿਚ ਪਰਾਲੀ ਤੋਂ ਬਣੇਗੀ ਕੰਪੋਸਟ, ਬਿਜਲੀ ਵੀ ਹੋਵੇਗੀ ਪੈਦਾ
—ਐਤਵਾਰ ਨੂੰ ਹੋਵੇਗਾ ਕਿਸਾਨਾਂ ਲਈ ਜਾਗਰੂਕਤਾ ਸਮਾਗਮ
ਫਾਜਿ਼ਲਕਾ, 10 ਮਈ
ਫਾਜਿ਼ਲਕਾ ਵਿਖੇ ਝੋਨੇ ਦੀ ਪਰਾਲੀ ਤੋਂ ਬਾਇਓ ਖਾਦ ਬਣਾਈ ਜਾਵੇਗੀ। ਇਸ ਲਈ ਪ੍ਰੋਜ਼ੈਕਟ ਨੂੰ ਭਾਰਤ ਸਰਕਾਰ ਤੋਂ ਪ੍ਰਵਾਨਗੀ ਮਿਲ ਗਈ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸੰਪੂਰਨ ਐਗਰੀਵੈਂਚਰ ਫਾਜਿ਼ਲਕਾ ਵੱਲੋਂ ਐਤਵਾਰ ਨੂੰ ਸੰਜੀਵ ਪੈਲੇਸ ਫਾਜਿ਼ਲਕਾ ਵਿਖੇ ਸਵੇਰੇ 11 ਵਜੇ ਇਕ ਜਾਗਰੂਕਤਾ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਕਿਸਾਨਾਂ ਨੂੰ ਪਰਾਲੀ ਨੂੰ ਬਿਨ੍ਹਾਂ ਸਾੜੇ ਇਸ ਦੇ ਪ੍ਰਬੰਧਨ ਅਤੇ ਪਰਾਲੀ ਤੋਂ ਬਣੀ ਖਾਦ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਾਵੇਗਾ।
ਕੰਪਨੀ ਦੇ ਐਮਡੀ ਸ੍ਰੀ ਸੰਜੀਵ ਨਾਗਪਾਲ ਨੇ ਅੱਜ ਇਸ ਸਬੰਧੀ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੂੰ ਪ੍ਰੋਜ਼ੈਕਟ ਤੋਂ ਜਾਣੂ ਕਰਵਾਇਆ।
ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜ਼ੈਕਟ ਤਹਿਤ ਸਲਾਨਾ ਉਨ੍ਹਾਂ ਦੇ ਪਲਾਂਟ 15000 ਮੀਟ੍ਰਿਕ ਟਨ ਪਰਾਲੀ ਲਵੇਗਾ ਜਿਸ ਤੋਂ ਪ੍ਰਤੀ ਘੰਟਾ 1 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਨਾਲ ਨਾਲ ਫਰਮੈਂਟਡ ਆਰਗੈਨਿਕ ਮੈਨੂਅਰ (ਬਾਇਓ ਖਾਦ) ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ 14 ਮਈ ਨੂੰ ਹੋਣ ਵਾਲੇ ਸਮਾਗਮ ਵਿਚ ਆਈਸੀਏਆਰ ਦੇ ਪ੍ਰਿੰਸੀਪਲ ਵਿਗਿਆਨੀ ਡਾ: ਨਰਿੰਦਰ ਗੁਪਤਾ ਵੀ ਫਾਜਿ਼ਲਕਾ ਪਹੁੰਚ ਰਹੇ ਹਨ।
ਜਿਕਰਯੋਗ ਹੈ ਕਿ ਪਰਾਲੀ ਇਕ ਵੱਡੀ ਸਮੱਸਿਆ ਹੈ ਅਤੇ ਸਰਕਾਰ ਵੱਲੋਂ ਇਸਦੇ ਨਿਪਟਾਰੇ ਲਈ ਲਗਾਤਾਰ ਯਤਨ ਹੋ ਰਹੇ ਹਨ। ਸ੍ਰੀ ਸੰਜੀਵ ਨਾਗਪਾਲ ਨੇ ਦੱਸਿਆ ਹੈ ਕਿ ਇਸ ਨਾਲ ਜਿੱਥੇ ਲੋਕਾਂ ਲਈ ਰੋਜਗਾਰ ਦੇ ਮੌਕੇ ਪੈਦਾ ਹੋਣਗੇ ਉਥੇ ਹੀ ਪਰਾਲੀ ਤੋਂ ਖਾਦ ਬਣਨ ਨਾਲ ਪਰਾਲੀ ਸਾੜਨ ਦੀ ਸਮੱਸਿਆ ਤੇ ਵੀ ਰੋਕ ਲੱਗੇਗੀ।