ਪੰਜਾਬ ਕੈਰੀਅਰ ਪੋਰਟਲ: ਨਵੀਂ ਪੀੜ੍ਹੀ ਦਾ ਰਾਹ ਦਸੇਰਾ
—ਵਿਦਿਆਰਥੀਆਂ ਇਸ ਪੋਰਟਲ ਦੀ ਵਰਤੋਂ ਆਪਣੇ ਭਵਿੱਖ ਦੀ ਯੋਜਨਾਬੰਦੀ ਲਈ ਕਰਨ—ਡਿਪਟੀ ਕਮਿਸ਼ਨਰ
ਫਾਜਿ਼ਲਕਾ, 8 ਮਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਵਾਇਆ ਗਿਆ ਪੰਜਾਬ ਕੈਰੀਅਰ ਪੋਰਟਲ ਸਾਡੀ ਨਵੀਂ ਪੀੜ੍ਹੀ ਲਈ ਰਾਹ ਦਸੇਰਾ ਸਾਬਤ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੂੱਗਲ ਆਈਏਐਸ ਨੇ ਇਸ ਸਬੰਧੀ ਵਿਦਿਆਰਥੀਆਂ ਨੂੰ ਇਸ ਪੋਰਟਲ ਦਾ ਵੱਧ ਵੱਧ ਲਾਹਾ ਲੈਣ ਦੀ ਅਪੀਲ ਕੀਤੀ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਨੂੰ ਜੀਵਨ ਵਿਚ ਸਫਲ ਨਾਗਰਿਕ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸੋਚ ਨਾਲ ਇਹ ਪੋਰਟਲ ਬਣਾਇਆ ਗਿਆ ਹੈ ਜਿਸਦਾ ਲਿੰਕ https://punjabcareerportal.com/ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਵਿਚ ਕਿਸੇ ਵੀ ਸਕੂਲ ਵਿਚ ਪੜ੍ਹਦੇ ਬੱਚੇ ਦੀ ਇਕ ਈ ਪੰਜਾਬ ਪੋਰਟਲ ਤੇ ਆਈਡੀ ਬਣਦੀ ਹੈ। ਇਹ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਸੀਬੀਐਸਸੀ ਬੋਰਡ ਨਾਲ ਸਬੰਧਤ ਹਰ ਪ੍ਰਕਾਰ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਆਪੋ ਆਪਣੀ ਆਈਡੀ ਹੁੰਦੀ ਹੈ। ਵਿਦਿਆਰਥੀ ਇਹ ਆਈਡੀ ਆਪਣੇ ਸਕੂਲ ਤੋਂ ਪ੍ਰਾਪਤ ਕਰ ਸਕਦਾ ਹੈ। ਇਹ ਆਈਡੀ ਹੀ ਇਸ ਪੋਰਟਲ ਤੇ ਲਾਗਇਨ ਕਰਨ ਲਈ ਯੁਜਰਨੇਮ ਹੋਵੇਗੀ ਜਦ ਕਿ ਪਾਸਵਰਡ ਹੋਮ ਪੇਜ਼ ਤੇ ਹੀ ਦਿੱਤਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦ ਵਿਦਿਆਰਥੀ ਲਾਗਇਨ ਕਰੇਗਾ ਤਾਂ ਉਸਨੂੰ ਉਸਦੀ ਕਲਾਸ ਤੋਂ ਅੱਗੇ ਅਨੇਕਾਂ ਅਨੇਕ ਉਪਲਬੱਧ ਕੈਰੀਅਰ ਸੰਭਾਵਨਾਵਾਂ ਸਬੰਧੀ ਜਾਣਕਾਰੀ ਮਿਲੇਗੀ। ਇੱਥੋਂ ਵਿਦਿਆਰਥੀ ਆਪਣੀ ਪਸੰਦ ਦਾ ਕੋਈ ਵੀ ਕੈਰੀਅਰ ਕਲਿੱਕ ਕਰਕੇ ਉਸ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਜਿਵੇਂ ਇਸ ਵਿਚ ਕੀ ਭਵਿੱਖ ਹੈ, ਪੜਾਈ ਕੀ ਕਰਨੀ ਹੋਵੇਗੀ, ਪੜਾਈ ਦਾ ਖਰਚਾ ਕਿੰਨਾਂ ਕੁ ਆਵੇਗਾ ਅਤੇ ਪੜਾਈ ਤੋਂ ਬਾਅਦ ਨੌਕਰੀ ਮਿਲਣ ਤੇ ਅੰਦਾਜਨ ਕਿੰਨੀ ਕੁ ਤਨਖਾਹ ਮਿਲੇਗੀ, ਤਰੱਕੀ ਦੇ ਕੀ ਮੌਕੇ ਹਨ, ਕਿਸੇ ਤਰਾਂ ਦਾ ਕੰਮ ਕਰਨਾ ਹੋਵੇਗਾ ਆਦਿ ਸਾਰੀ ਜਾਣਕਾਰੀ ਵੇਖ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਪੋਰਟਲ ਤੇ ਕੈਰੀਅਰ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੇ ਜਾਂਦੇ ਵੱਖ ਵੱਖ ਵਜੀਫਿਆਂ ਸਬੰਧੀ ਵੀ ਜਾਣਕਾਰੀ ਉਪਲਬੱਧ ਕਰਵਾਈ ਜਾਂਦੀ ਹੈ। ਇਸੇ ਤਰਾਂ ਤੇ ਵੱਖ ਵੱਖ ਕਾਲਜਾਂ ਅਤੇ ਇਮਤਿਹਾਨਾਂ ਸਬੰਧੀ ਵੀ ਜਾਣਕਾਰੀ ਉਪਲਬੱਧ ਹੈ।ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਪ੍ਰਤਿਯੋਗੀ ਇਮਤਿਹਾਨਾਂ ਸਬੰਧੀ ਪੂਰੀ ਜਾਣਕਾਰੀ ਇਸ ਪੋਰਟਲ ਤੇ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਹੁਤ ਹੀ ਉਪਯੋਗੀ ਪੋਰਟਲ ਹੈ ਅਤੇ ਹਰੇਕ ਵਿਦਿਆਰਥੀ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਅਗਵਾਈ ਨਾਲ ਇਸ ਪੋਰਟਲ ਤੋਂ ਸੇਧ ਲੈ ਕੇ ਆਪਣੇ ਭਵਿੱਖ ਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ।