ਗੈਰ ਮਿਆਰੀ ਖਾਦਾਂ ਅਤੇ ਕੀੜੇਮਾਰ ਜਹਿਰਾਂ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ — ਡਿਪਟੀ ਕਮਿਸ਼ਨਰ
—ਫਾਜਿ਼ਲਕਾ ਦੇ ਇਕ ਦੁਕਾਨਦਾਰ ਖਿਲਾਫ ਕਾਰਵਾਈ ਲਈ ਪੁਲਿਸ ਵਿਭਾਗ ਨੂੰ ਲਿਖਿਆ
ਫਾਜਿ਼ਲਕਾ, 5 ਮਈ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਅਗਰ ਕੋਈ ਵੀ ਕਿਸਾਨਾਂ ਨੂੰ ਗੈਰ ਮਿਆਰੀ ਖਾਦਾਂ, ਕੀੜੇਮਾਰ ਜਹਿਰਾਂ ਜਾਂ ਬੀਜ ਵੇਚਦਾ ਪਾਇਆ ਜਾਂਦਾ ਹੈ ਤਾਂ ਅਜਿਹੇ ਅਨਸਰ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲਗਾਤਾਰ ਚੈਕਿੰਗ ਕਰੇ ਤਾਂ ਜ਼ੋ ਕਿਸਾਨਾਂ ਨੂੰ ਮਿਆਰੀ ਸਮਾਨ ਦੀ ਉਪਲਬੱਧਤਾ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੂੰ ਜਾਂਚ ਦੌਰਾਨ ਇਕ ਦੁਕਾਨ ਤੋਂ ਮਿਆਦ ਪੁੱਗੇ ਸਮਾਨ ਅਤੇ ਸਮਾਨ ਤੇ ਲੱਗੇ ਰੈਪਰਾਂ ਨਾਲ ਛੇੜਛਾੜ ਸਬੰਧੀ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਵਿਭਾਗ ਨੇ ਪੁਲਿਸ ਵਿਭਾਗ ਨੁੰ ਸੰਬੰਧਤ ਦੁਕਾਨਦਾਰ ਖਿਲਾਫ ਐਫਆਈਆਰ ਦਰਜ ਕਰਨ ਲਈ ਲਿਖ ਦਿੱਤਾ ਹੈ। ਇੰਨਸੈਕਟੀਸਾਇਡ ਇੰਸਪੈਕਟਰ ਦੀ ਰਿਪੋਰਟ ਅਨੁਸਾਰ ਦੁਕਾਨਦਾਰ ਨੇ ਲੇਬਲ ਟੈਂਪਰ ਕੀਤਾ ਸੀ ਜ਼ੋ ਇੰਨਸੈਕਟੀਸਾਇਡ ਐਕਟ 1968 ਦੀ ਧਾਂਰਾ 18 (1) (ਸੀ) ਅਤੇ ਇੰਨਸੈਕਟੀਸਾਇਡ ਰੂਲਜ਼ 1971 ਦੇ ਰੂਲ 20 ਦੀ ਉਲੰਘਣਾ ਹੈ। ਇਸੇ ਤਰਾਂ ਇਸੇ ਦੁਕਾਨ ਤੇ ਹੋਰ ਮਿਆਦ ਪੁੱਗੀ ਦਵਾਈ ਵੀ ਹੋਰਨਾਂ ਦਵਾਈਆਂ ਨਾਲ ਵੇਚਣ ਲਈ ਰੱਖੀ ਹੋਈ ਸੀ। ਜ਼ੋ ਕਿ ਗੈਰ ਕਾਨੂੰਨੀ ਹੈ।