ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਵਿਸ਼ਵ ਦੀ ਪਹਿਲੀ ਨੈਨੋ ਡੀਏਪੀ (ਤਰਲ) ਖਾਦ ਦੇਸ਼ ਨੂੰ ਕੀਤੀ ਸਮਰਪਿਤ
– ਨੈਨੋ ਡੀਏਪੀ (ਤਰਲ) ਨਾਲ ਪਰੰਪਰਾਗਤ ਡੀਏਪੀ ਦੇ ਆਯਾਤ ਤੇ ਨਿਰਭਰਤਾ ਘਟੇਗੀ
ਇਸ ਨਾਲ ਢੋਆ ਢੁਆਈ ਅਤੇ ਭੰਡਾਰਣ ਦੀ ਲਾਗਤ ਵੀ ਘਟੇਗੀ
ਸ੍ਰੀ ਮੁਕਤਸਰ ਸਾਹਿਬ, 29 ਅਪ੍ਰੈਲ
ਸ੍ਰੀ ਅਮਨਦੀਪ ਸਹਾਇਕ ਫੀਲਡ ਮੈਨੇਜਰ ਇਫਕੋ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਖੇਤੀਬਾੜੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਸ਼ਵ ਦੀ ਪਹਿਲੀ ਨੈਨੋ ਡੀਏਪੀ (ਤਰਲ) ਖਾਦ ਨੂੰ ਲਾਂਚ ਕੀਤਾ ਹੈ।
ਉਹਨਾਂ ਕਿਹਾ ਕਿ ਇਹ ਖਾਦ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਕਰੋੜਾਂ ਕਿਸਾਨਾਂ ਅਤੇ ਮੈਂਬਰ ਸਹਿਕਾਰੀ ਸਭਾਵਾਂ ਦੁਆਰਾ ਆਨਲਾਈਨ ਮਾਧਿਅਮ ਰਾਹੀ ਵੀ ਦੇਖਿਆ ਗਿਆ।
ਇਫਕੋ ਨੇ ਨੈਨੋ ਡੀਏਪੀ ਦੇ ਉਤਪਾਦਨ ਲਈ ਗੁਜਰਾਤ ਦੇ ਕਲੋਲ, ਕਾਂਡਲਾ ਅਤੇ ਉੜੀਸਾ ਦੇ ਪਾਰਾਦੀਪ ਵਿੱਚ ਨਿਰਮਾਣ ਯੂਨਿਟ ਸਥਾਪਤ ਕੀਤੇ ਹਨ। ਇਸ ਸਾਲ ਨੈਨੋ ਡੀਏਪੀ ਦੀਆਂ 5 ਕਰੋੜ ਬੋਤਲਾਂ ਤਿਆਰ ਕੀਤੀਆਂ ਜਾਣਗੀਆਂ ਜੋ ਕਿ 25 ਲੱਖ ਟਨ ਡੀਏਪੀ ਦੇ ਬਰਾਬਰ ਹੋਣਗੀਆਂ।
ਨੈਨੋ ਡੀਏਪੀ (ਤਰਲ) ਨਾਈਟ੍ਰੋਜਨ ਅਤੇ ਫਾਸਫੋਰਸ ਦਾ ਇੱਕ ਵਧੀਆ ਸਰੋਤ ਹੈ, ਜੋ ਪੌਦਿਆਂ ਵਿੱਚ ਇਹਨਾਂ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਠੀਕ ਕਰਦਾ ਹੈ। ਖਾਦ ਖੇਤਰ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫ਼ਕੋ ਵੱਲੋਂ ਵਿਕਸਤ ਤਰਲ ਖਾਦ ਨੈਨੋ ਡਾਈ ਅਮੋਨੀਅਮ ਫਾਸਫੇਟ (ਡੀਏਪੀ) ਨੂੰ 2 ਮਾਰਚ 2023 ਨੂੰ ਖਾਦ ਕੰਟਰੋਲ ਆਰਡਰ ਦੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਅਧਿਸੂਚਿਤ ਕੀਤਾ ਗਿਆ ਹੈ।
ਨੈਨੋ ਡੀਏਪੀ (ਤਰਲ) ਇੱਕ ਵਾਤਾਵਰਣ ਅਨੁਕੂਲ ਉਤਪਾਦ ਹੈ, ਜੋ ਗਲੋਬਲ ਵਾਰਮਿੰਗ ਨੂੰ ਕਾਫ਼ੀ ਘੱਟ ਕਰੇਗਾ। ਉਨ੍ਹਾਂ ਦੱਸਿਆ ਕਿ ਇਫਕੋ ਕਿਸਾਨਾਂ ਦੀ ਬਿਹਤਰੀ ਲਈ ਅਧੁਨਿਕ ਖੇਤੀ ਤਕਨੀਕਾਂ ਅਤੇ ਕਾਢਾਂ ਦੀ ਵਰਤੋਂ ਤੇ ਲਗਾਤਾਰ ਕੰਮ ਕਰ ਰਹੀ ਹੈ।