ਅੱਜ ਫਿਰ ਫਾਜ਼ਿਲਕਾ ਪੁਲਸ ਨੇ ਨਸ਼ਾ ਤਸਕਰ ਔਰਤ ਦੇ ਘਰ ’ਤੇ ਚਲਾ ’ਤਾ ਬੁਲਡੋਜ਼ਰ
ਮੰਡੀ ਅਰਨੀਵਾਲਾ, 29 ਜੂਨ
ਸ੍ਰੀ ਗੌਰਵ ਯਾਦਵ ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ; ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ., ਡੀ.ਆਈ.ਜੀ. ਫਿਰੋਜ਼ਪੁਰ ਰੇਂਜ; ਅਤੇ ਸ੍ਰੀ ਗੁਰਮੀਤ ਸਿੰਘ, ਸੀਨੀਅਰ ਕਪਤਾਨ ਪੁਲਿਸ, ਫਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ।
ਅੱਜ ਥਾਣਾ ਅਰਨੀਵਾਲਾ ਦੇ ਤਹਿਤ ਆਉਂਦੇ ਪਿੰਡ ਟਾਹਲੀਵਾਲਾ ਬੋਦਲਾ ਵਿੱਚ ਨਸ਼ਾ ਤਸਕਰ ਪ੍ਰਵੀਨ ਰਾਣੀ ਉਰਫ਼ ਰਵੀਨਾ ਵਾਸੀ ਟਾਹਲੀਵਾਲਾ ਬੋਦਲਾਂ ਦੇ ਘਰ ਨੂੰ ਢਾਹ ਦਿੱਤਾ ਗਿਆ। ਇਹ ਮਹਿਲਾ ਨਸ਼ਾ ਤਸਕਰੀ ਦੇ ਗੈਰਕਾਨੂੰਨੀ ਧੰਦੇ ਵਿੱਚ ਲਗਾਤਾਰ ਸ਼ਾਮਲ ਸੀ ਅਤੇ ਉਸ ਵਿਰੁੱਧ ਪਹਿਲਾਂ ਹੀ ਥਾਣਾ ਅਰਨੀਵਾਲਾ ਵਿਚ ਦੋ ਮਾਮਲੇ ਦਰਜ ਕੀਤੇ ਗਏ ਸਨ।
ਪ੍ਰਵੀਨ ਰਾਣੀ ਨੇ ਗੈਰਕਾਨੂੰਨੀ ਢੰਗ ਨਾਲ ਨਸ਼ਾ ਵੇਚਣ ਅਤੇ ਚੋਰੀ ਦਾ ਸਮਾਨ ਰੱਖਣ ਜਿਹੇ ਗੰਭੀਰ ਅਪਰਾਧ ਕੀਤੇ ਹਨ। ਸਿਵਲ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਜਾਣ ਉਪਰੰਤ, ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਨਜਾਇਜ਼ ਢੰਗ ਨਾਲ ਬਣੇ ਹੋਏ ਉਸ ਦੇ ਘਰ ਨੂੰ ਢਾਹਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਐਸ.ਐਸ.ਪੀ. ਫਾਜ਼ਿਲਕਾ ਗੁਰਮੀਤ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ਼ ਇਹ ਜੰਗ ਅਜੇ ਠਹਿਰੀ ਨਹੀਂ। ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਢਹਿ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।



