ਲੁਧਿਆਣਾ ਵੈਸਟ ਜ਼ਿਮਨੀ ਚੋਣ,ਜਨਰਲ ਆਬਜ਼ਰਵਰ ਅਤੇ ਡੀਈਓ ਨੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਲੁਧਿਆਣਾ, 9 ਜੂਨ – ਲੁਧਿਆਣਾ ਵੈਸਟ ਜ਼ਿਮਨੀ ਚੋਣ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ, ਜਨਰਲ ਆਬਜ਼ਰਵਰ ਰਾਜੀਵ ਕੁਮਾਰ, ਆਈਏਐਸ, ਅਤੇ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਆਜ਼ਾਦ ਉਮੀਦਵਾਰਾਂ ਨਾਲ ਮੀਟਿੰਗ ਕੀਤੀ।ਜਨਰਲ ਆਬਜ਼ਰਵਰ ਅਤੇ ਡੀਈਓ ਨੇ ਚੋਣ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਿਸ ਵਿੱਚ ਚੋਣ ਸਬੰਧੀ ਗਤੀਵਿਧੀਆਂ ਲਈ ਮਨਜ਼ੂਰੀਆਂ, ਪ੍ਰਤੀ ਉਮੀਦਵਾਰ 40 ਲੱਖ ਰੁਪਏ ਦੀ ਖਰਚ ਸੀਮਾ, ਮਾਡਲ ਕੋਡ ਆਫ ਕੰਡਕਟ ਦੀ ਸਖਤੀ ਨਾਲ ਪਾਲਣਾ, ਅਤੇ ਲੋਕਤੰਤਰੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਵਿੱਚ ਹਿੱਸੇਦਾਰਾਂ ਦੀ ਭੂਮਿਕਾ ਵਰਗੇ ਮੁੱਖ ਵਿਸ਼ਿਆਂ ‘ਤੇ ਚਰਚਾ ਕੀਤੀ ਗਈ।ਜਨਰਲ ਆਬਜ਼ਰਵਰ ਰਾਜੀਵ ਕੁਮਾਰ ਨੇ ਪਾਰਦਰਸ਼ਤਾ ‘ਤੇ ਜ਼ੋਰ ਦਿੰਦਿਆਂ, ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਸਬੰਧੀ ਕਿਸੇ ਵੀ ਸਮੱਸਿਆ ਨੂੰ ਸਿੱਧੇ ਉਨ੍ਹਾਂ ਨਾਲ ਸਾਂਝਾ ਕਰਨ ਦੀ ਅਪੀਲ ਕੀਤੀ। ਉਹ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸ਼ਾਮ 5:00 ਤੋਂ 6:00 ਵਜੇ ਤੱਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਇੰਟਰਨੈਸ਼ਨਲ ਗੈਸਟ ਹਾਊਸ ਵਿਖੇ ਮੀਟਿੰਗ ਲਈ ਉਪਲਬਧ ਹੋਣਗੇ, ਜਾਂ +91-62831-78975 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਕੇ ਨਿਰਪੱਖ ਅਤੇ ਸੁਤੰਤਰ ਚੋਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।ਉਮੀਦਵਾਰਾਂ ਅਤੇ ਪਾਰਟੀ ਨੁਮਾਇੰਦਿਆਂ ਨੂੰ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ, ਵਿਕਲਾਂਗ ਵਿਅਕਤੀਆਂ (PWD), ਪੋਲਿੰਗ ਬੂਥਾਂ, ਅਤੇ ਰੈਂਡਮਾਈਜ਼ਡ EVM ਅਤੇ VVPAT ਦੀਆਂ ਸੂਚੀਆਂ ਵੰਡੀਆਂ ਗਈਆਂ। ਉਨ੍ਹਾਂ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ EVM ਰੈਂਡਮਾਈਜ਼ੇਸ਼ਨ, ਕਮਿਸ਼ਨਿੰਗ ਅਤੇ ਮੂਵਮੈਂਟ ਦੇ ਵੇਰਵੇ ਸਾਂਝੇ ਕੀਤੇ ਜਾਣਗੇ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਬਲਕ SMS ਅਤੇ ਹੋਰ ਪਲੇਟਫਾਰਮਾਂ ‘ਤੇ ਇਸ਼ਤਿਹਾਰਾਂ ਲਈ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ (MCMC) ਤੋਂ ਮਨਜ਼ੂਰੀ ਲੈਣ ਦੀ ਹਦਾਇਤ ਦਿੱਤੀ ਗਈ।ਜਨਰਲ ਆਬਜ਼ਰਵਰ ਰਾਜੀਵ ਕੁਮਾਰ, ਆਈਏਐਸ ਅਤੇ ਡੀਈਓ ਹਿਮਾਂਸ਼ੂ ਜੈਨ ਨੇ ਸਾਰੇ ਹਿੱਸੇਦਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਨਿਰਪੱਖ ਤੇ ਸੁਚਾਰੂ ਜ਼ਿਮਨੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ।



