ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ ਅੱਗੇ ਫੈਲਾਉਣ-ਡੀਸੀ ਫ਼ਾਜ਼ਿਲਕਾ
ਕੋਈ ਵੀ ਪੁਖ਼ਤਾ ਜਾਣਕਾਰੀ ਡੀ.ਪੀ.ਆਰ.ਓ. ਦੇ ਫੇਸਬੁਕ ਪੇਜ ਤੋਂ ਲਈ ਜਾ ਸਕਦੀ ਹੈ
ਫਾਜ਼ਿਲਕਾ, 10 ਮਈ:
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਉਪਰ ਜਾਂ ਕਿਸੇ ਹੋਰ ਵੱਲੋਂ ਫੈਲਾਈ ਖ਼ਬਰ ਜਾਂ ਅਫ਼ਵਾਹ ਉਪਰ ਅੱਖਾਂ ਬੰਦ ਕਰਕੇ ਯਕੀਨ ਨਾ ਕਰਨ ਅਤੇ ਨਾ ਹੀ ਉਸ ਨੂੰ ਬਿਨ੍ਹਾਂ ਪੜਤਾਲ ਕੀਤੇ ਫਾਰਵਰਡ ਕਰਨ ਜਾਂ ਨਾ ਹੀ ਅੱਗੇ ਫੈਲਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਨਿਵਾਸੀ ਹਰ ਤਰ੍ਹਾਂ ਦੀ ਪੁਖ਼ਤਾ ਜਾਣਕਾਰੀ ਲਈ ਡਿਸਟ੍ਰਿਕਟ ਪਬਲਿਕ ਰਿਲੇਸ਼ਨਜ਼ ਅਫ਼ਸਰ (ਡੀ.ਪੀ.ਆਰ.ਓ) ਫਾਜ਼ਿਲਕਾ ਦੇ ਫੇਸਬੁਕ ਪੇਜ਼ https://www.facebook.com/FazilkaDPRO ਉਪਰ ਨਜ਼ਰ ਰੱਖਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਅੰਦਰ ਚੱਲ ਰਹੇ ਤਣਾਅ ਵਾਲੇ ਮਾਹੌਲ ਦੇ ਮੱਦੇਨਜ਼ਰ ਹਰ ਨਾਗਰਿਕ ਨੂੰ ਸੁਚੇਤ ਤੇ ਸਾਵਧਾਨ ਹੋਣ ਦੀ ਲੋੜ ਹੈ ਪਰੰਤੂ ਕਿਸੇ ਵੀ ਤਰ੍ਹਾਂ ਘਬਰਾਹਟ ਵਿੱਚ ਨਾ ਆਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਪ੍ਰਸ਼ਾਸਨ ਵੱਲੋਂ ਬਲੈਕ ਆਊਟ, ਜਾਂ ਹਵਾਈ ਹਮਲੇ ਦੇ ਸਾਇਰਨ ਦੀ ਐਮਰਜੈਂਸੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਂ ਲੋਕਾਂ ਨੂੰ ਉਸ ਉਪਰ ਤੁਰੰਤ ਅਮਲ ਕਰਦੇ ਹੋਏ ਦਿੱਤੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਅਜਿਹੇ ਦਰਮਿਆਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਿਨ੍ਹਾਂ ਕਿਸੇ ਜਰੂਰੀ ਕੰਮ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਬਲਕਿ ਘਰਾਂ ਜਾਂ ਸੁਰੱਖਿਅਤ ਸਥਾਨਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉਪਰ ਕਿਸੇ ਵੀ ਤਰ੍ਹਾਂ ਦੀ ਫੈਲਦੀ ਅਫਵਾਹਾਂ ਆਦਿ ਦੀ ਨਿਗਰਾਨੀ ਲਈ ਜ਼ਿਲ੍ਹਾ ਪੁਲਿਸ ਦਾ ਸਾਇਬਰ ਸੈਲ ਮੁਸਤੈਦ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਸਾਹਮਣੇ ਆਇਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਮੁੜ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਉਪਰ ਭਰੋਸਾ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉਪਰ ਯਕੀਨ ਨਾ ਕਰਨ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੰਜੀਦਾ ਹੈ।



