ਹੋਟਲਾਂ ਵਿੱਚ ਠਹਿਰਨ ਵਾਲੇ ਲੋਕਾਂ ਦਾ ਪਹਿਚਾਣ ਪੱਤਰ ਲੈਣਾ ਕੀਤਾ ਲਾਜ਼ਮੀ

ਫਾਜ਼ਿਲਕਾ 8 ਮਈ
ਜ਼ਿਲਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਭਾਰਤੀ ਨਾਗਰਿਕਤਾ ਸੁਰੱਖਿਆ ਸੰਘਤਾਂ 2023 ਦੀ ਧਾਰਾ 163 (ਜਾਬਤਾ ਫੌਜਦਾਰੀ ਸੰਘਤਾਂ 1973 ਦੀ ਧਾਰਾ 144 ) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਸਮੂਹ ਹੋਟਲਾਂ ਦੇ ਮਾਲਕਾਂ ਨੂੰ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਹਨ।
ਇਹਨਾਂ ਹਦਾਇਤਾਂ ਅਨੁਸਾਰ ਹੋਟਲ ਵਿੱਚ ਠਹਿਰਨ ਵਾਲੇ ਹਰ ਵਿਅਕਤੀ ਦੀ ਸਨਾਖਤ ਲਈ ਆਈਡੀ ਪ੍ਰੂਫ ਜਿਵੇਂ ਕਿ ਆਧਾਰ ਕਾਰਡ , ਪੈਨ ਕਾਰਡ, ਪਾਸਪੋਰਟ, ਵੋਟਰ ਕਾਰਡ ਲਿਆ ਜਾਵੇ। ਜੇਕਰ ਇੱਕ ਤੋਂ ਵੱਧ ਵਿਅਕਤੀਆਂ ਵੱਲੋਂ ਇੱਕ ਕਮਰਾ ਲਿਆ ਜਾਂਦਾ ਹੈ ਤਾਂ ਕਮਰੇ ਵਿੱਚ ਠਹਿਰਨ ਵਾਲੇ ਹਰ ਵਿਅਕਤੀ ਦਾ ਆਈਡੀ ਪ੍ਰੂਫ ਲਿਆ ਜਾਵੇ । ਇਹ ਯਕੀਨੀ ਬਣਾਇਆ ਜਾਵੇ ਕਿ ਹੋਟਲ ਵਿੱਚ ਠਹਿਰਨ ਵਾਲੇ ਵਿਅਕਤੀਆਂ ਵੱਲੋਂ ਜੋ ਮੋਬਾਈਲ ਨੰਬਰ ਦਿੱਤਾ ਜਾਂਦਾ ਹੈ, ਉਹ ਉਹਨਾਂ ਵਿਅਕਤੀਆਂ ਪਾਸ ਚਾਲੂ ਹਾਲਤ ਵਿੱਚ ਹੋਵੇ। ਇਸ ਦੀ ਪੁਸ਼ਟੀ ਲਈ ਦਿੱਤੇ ਗਏ ਮੋਬਾਇਲ ਨੰਬਰ ਤੇ ਕਾਲ ਕਰਕੇ ਪਤਾ ਲਗਾਇਆ ਜਾਵੇ। ਹੋਟਲਾਂ ਵਿੱਚ ਠਹਿਰਨ ਵਾਲਿਆਂ ਦੀ ਸੂਚਨਾ ਸਮੇਂ ਸਮੇਂ ਸਿਰ ਆਪਣੇ ਨਜ਼ਦੀਕੀ ਥਾਣੇ ਵਿੱਚ ਦਰਜ ਕਰਵਾਈ ਜਾਵੇ। ਜੇਕਰ ਹੋਟਲ ਮਾਲਕਾਂ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦੇ ਖਿਲਾਫ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਹੋਟਲ ਵਿੱਚ ਠਹਿਰਨ ਵਾਲੇ ਵਿਅਕਤੀ /ਵਿਅਕਤੀਆਂ ਵੱਲੋਂ ਉਕਤ ਜਾਣਕਾਰੀ ਦੇਣ ਤੋਂ ਮਨਾਹੀ ਕੀਤੀ ਜਾਂਦੀ ਹੈ ਤਾਂ ਹੋਟਲ ਮਾਲਕ / ਸਟਾਫ ਵੱਲੋਂ ਇਸ ਬਾਰੇ ਨਜ਼ਦੀਕੀ ਥਾਣੇ ਵਿੱਚ ਸੂਚਨਾ ਦਿੱਤੀ ਜਾਵੇ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ ਅਤੇ 30 ਜੂਨ 2025 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

CATEGORIES
Share This

COMMENTS

Wordpress (0)
Disqus ( )
Translate