ਮੀਤ ਹੇਅਰ ਵੱਲੋਂ ਪੇਂਡੂ ਖੇਤਰਾਂ ਨੂੰ ਜੋਗਾ ਰਜਵਾਹੇ ਦੇ 26.91 ਕਰੋੜ ਦੇ ਪ੍ਰਾਜੈਕਟ ਦਾ ਤੋਹਫਾ
ਬਰਨਾਲਾ, 21 ਜਨਵਰੀ
ਜਲ ਸਰੋਤ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜ਼ਿਲ੍ਹਾ ਬਰਨਾਲਾ ਅੰਦਰ ਕਰੋੜਾਂ ਦੇ ਨਹਿਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਿੰਜਾਈ ਪ੍ਰਾਜੈਕਟਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਵਚਨਬੱਧ ਹੈ ਅਤੇ ਕਿਸਾਨੀ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਮੰਤਰੀ Meet Hayer ਨੇ ਪਿੰਡ ਕੋਠੇ ਰਾਜਿੰਦਰ ਪੁਰਾ ਵਿਖੇ ਜ਼ਮੀਨਦੋਜ ਪਾਈਪਲਾਈਨ ਵਿਛਾਉਣ ਦੇ ਕੰਮ ਅਤੇ ਖ਼ਾਲ ਪੱਕੇ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਲਾਗਤ ਕਰੀਬ 43 ਲੱਖ ਰੁਪਏ ਹੈ ਅਤੇ ਇਸ ਦੇ ਮੁਕੰਮਲ ਹੋਣ ਨਾਲ 174 ਹੈਕਟੇਅਰ ਰਕਬੇ ਨੂੰ ਖੇਤੀ ਲਈ ਨਹਿਰੀ ਪਾਣੀ ਮਿਲੇਗਾ। ਇਸ 2511 ਮੀਟਰ ਲੰਬੇ ਪਾਈਪਲਾਈਨ ਨੈਟਵਰਕ ਦੀ ਲਾਈਨਿੰਗ ਕਰਨ ਨਾਲ ਟੇਲਾਂ ‘ਤੇ ਪਾਣੀ ਨਾਲ ਇਨ੍ਹਾਂ ਪਿੰਡਾਂ ਨੂੰ ਵੱਡੀ ਸਹੂਲਤ ਦਿੱਤੀ ਗਈ ਹੈ।
ਇਸ ਮਗਰੋਂ ਜਲ ਸਰੋਤ ਮੰਤਰੀ ਵੱਲੋਂ ਪਿੰਡ ਉੱਪਲੀ ਨੇੜੇ ਦਾਨਗੜ੍ਹ ਮਾਈਨਰ ਦੇ 85 ਲੱਖ ਦੀ ਲਾਗਤ ਵਾਲੇ ਪ੍ਰਾਜੈਕਟ (7.70 ਕਿਲੋਮੀਟਰ ਲਾਈਨਿੰਗ) ਦਾ ਉਦਘਾਟਨ ਕੀਤਾ ਗਿਆ, ਜਿਸ ਦੀ 20 ਫੀਸਦੀ ਸਮਰੱਥਾ ਵਧਾਉਣ ਦੇ ਨਾਲ ਨਾਲ ਕੰਕਰੀਟ ਲਾਈਨਿੰਗ ਕੀਤੀ ਗਈ ਹੈ। ਇਸ ਮੌਕੇ ਸ੍ਰੀ ਮੀਤ ਹੇਅਰ ਨੇ ਆਖਿਆ ਕਿ ਇਸ ਪ੍ਰਾਜੈਕਟ ਨਾਲ ਪਿੰਡ ਕੱਟੂ, ਦਾਨਗੜ੍ਹ, ਉਪਲੀ ਤੇ ਧਨੌਲਾ ਆਦਿ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ। ਇਸ ਮਾਈਨਰ ਦੀ 7.70 ਤੋਂ 8.43 ਕਿਊਸਕ ਪਾਣੀ ਦੀ ਸਮਰੱਥਾ ਹੈ, ਜੋ ਕਰੀਬ 2800 ਏਕੜ ਰਕਬੇ ਨੂੰ ਸਿੰਜੇਗਾ।
ਉਨ੍ਹਾਂ ਅੱਜ ਪਿੰਡ ਹਰੀਗੜ੍ਹ ਨੇੜੇ ਧਨੌਲਾ-ਬਡਬਰ ਮੁੱਖ ਸੜਕ ’ਤੇ ਜੋਗਾ ਰਜਵਾਹੇ ਦੇ 26.91 ਕਰੋੜ ਦੇ ਮੁੜ ਉਸਾਰੀ ਪ੍ਰਾਜੈਕਟ ਦਾ ਉਦਘਾਟਨ ਕੀਤਾ, ਜਿਸ ਦੀ 4.75 ਕਿਲੋਮੀਟਰ ਕੰਕਰੀਟ ਲਾਈਨਿੰਗ ਦਾ ਕੰਮ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਡਿਸਟ੍ਰੀਬਿਊਟਰੀ ਦੀ ਸਮਰੱਥਾ 301.32 ਕਿਊਕਿ ਤੋਂ 327.74 ਕਿਊਸਕ ਦੀ ਹੈ, ਜਿਸ ਨਾਲ ਕਰੀਬ 108000 ਏਕੜ ਰਕਬੇ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਡਿਸਟ੍ਰੀਬਿਊਟਰੀ ਨਾਲ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ, ਅਤਰ ਸਿੰਘ ਵਾਲਾ, ਧਨੌਲਾ ਕਲਾਂ , ਭੂਰੇ, ਕੁੱਬੇ, ਅਸਪਾਲ ਕਲਾਂ, ਅਸਪਾਲ ਖੁਰਦ, ਬਦਰਾ, ਭੈਣੀ ਫੱਤਾ ਤੇ ਧੂਰਕੋਟ ਆਦਿ ਪਿੰਡਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਕੰਕਰੀਟ ਲਾਈਨਿੰਗ ਨਾਲ ਸੀਪੇਜ ਘਟਣ ਨਾਲ ਪਿੰਡਾਂ ਨੂੰ ਵੱਧ ਪਾਣੀ ਸਿੰਜਾਈ ਲਈ ਮਿਲੇਗਾ, ਉਥੇ ਇਸ ਡਿਸਟ੍ਰੀਬਿਊਟਰੀ ਦੀ 20 ਫੀਸਦੀ ਸਮਰੱਥਾ ਵੀ ਵਧਾਈ ਗਈ ਹੈ।
ਇਸ ਮਗਰੋਂ ਜਲ ਸਰੋਤ ਮੰਤਰੀ ਸ੍ਰੀ ਮੀਤ ਹੇਅਰ ਵੱਲੋਂ ਪਿੰਡ ਭੂਰੇ ਵਿਖੇ ਨਹਿਰੀ ਮੋਘੇ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ 1104 ਏਕੜ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਹ ਮੋਘਾ ਭੂਰੇ ਪਿੰਡ ਦੇ ਖੇਤਾਂ ‘ਚ ਸਿੰਜਾਈ ਲਈ ਪਾਣੀ ਪਹੁੰਚਾਉਣ ਦਾ ਕੰਮ ਕਰੇਗਾ।



