ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਸਾਨੂੰ ਸ਼ਹੀਦਾਂ ਦੇ ਦਿਖਾਏ ਮਾਰਗ ਤੇ ਚੱਲਣ ਦੀ ਲੋੜ: ਭੁੱਲਰ
ਫਿਰੋਜ਼ਪੁਰ, 26 ਦਸੰਬਰ
ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਸ਼ਹੀਦ ਊਧਮ ਸਿੰਘ ਚੌਂਕ ਫਿਰੋਜ਼ਪੁਰ ਸ਼ਹਿਰ ਵਿਖੇ ਪਹੁੰਚ ਕੇ ਸ਼ਹੀਦ ਦੇ ਬੁੱਤ ਤੇ ਫੁੱਲ ਮਾਲ਼ਾਵਾਂ ਪਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਉਨ੍ਹਾਂ ਦੇ ਦੱਸੇ ਰਸਤਿਆਂ ਦੇ ਚੱਲਣਾ ਚਾਹੀਦਾ ਹੈ।
ਵਿਧਾਇਕ ਸ. ਭੁੱਲਰ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਹੋਇਆ। ਉਂਨ੍ਹਾਂ ਦਾ ਨਾਮ ਪੰਜਾਬ ਦੇ ਚੋਟੀ ਦੇ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ.ਊਧਮ ਸਿੰਘ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ ਅਤੇ ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ਵਿੱਚ ਬਲਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਉਹ ਕੌਮਾਂ ਕਦੇ ਵੀ ਗੁਲਾਮ ਨਹੀਂ ਹੋ ਸਕਦੀਆਂ ਜੋ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੀਆਂ ਹਨ।
ਇਸ ਮੌਕੇ ਸ੍ਰੀ ਮਨਮੀਤ ਸਿੰਘ ਮਿੱਠੂ, ਬਲਰਾਜ ਸਿੰਘ ਕਟੋਰਾ
ਨੇਕ ਪ੍ਰਤਾਪ ਸਿੰਘ, ਸ੍ਰੀ ਰਾਜ ਬਹਾਦਰ ਸਿੰਘ, ਸ੍ਰੀ ਹਰਦੇਵ ਵਿਰਕ, ਸ੍ਰੀ ਮਨਜੀਤ ਸਿੰਘ ਨਿੱਕੂ, ਸ੍ਰੀ ਵਿਜੈ ਕੁਮਾਰ, ਸ੍ਰੀ ਕਾਲਾ ਹਲਵਾਈ, ਸ੍ਰੀ ਲਖਵਿੰਦਰ ਸਿੰਘ ਲੱਖਾ, ਸ੍ਰੀ ਅਸ਼ੋਕ ਬਹਿਲ, ਸ੍ਰੀ ਹਿਮਾਂਸੂ ਠੱਕਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।