“ਸ਼ਹਿਰਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਆਪ,ਮਿਊਨੀਸਿਪਲ ਚੋਣਾਂ ਵਿੱਚ ਜਨਤਾ ਨੇ ਲਗਾਈ ਮੋਹਰ”,55% ਤੋਂ ਵੱਧ ਸੀਟਾਂ ਜਿੱਤੀ,961 ਵਿੱਚੋਂ 522 ਵਾਰਡਾਂ ਵਿੱਚ ਸਾਡੀ ਜਿੱਤ ਹੋਈ-ਅਮਨ ਅਰੋੜਾ

ਭਾਜਪਾ-ਕਾਂਗਰਸ ਦਾ ਸ਼ਹਿਰੀ ਖੇਤਰਾਂ ਵਿੱਚ ਮਜ਼ਬੂਤ ਹੋਣ ਦਾ ਭਰਮ ਟੁੱਟਿਆ, ਹੁਣ ਸ਼ਹਿਰਾਂ ਵਿੱਚ ਵੀ ਆਮ ਆਦਮੀ ਪਾਰਟੀ ਨੰਬਰ-1-ਅਰੋੜਾ

ਭਾਜਪਾ-ਅਕਾਲੀਆਂ ਨੂੰ ਤਾਂ ਕਈ ਥਾਵਾਂ ‘ਤੇ ਉਮੀਦਵਾਰ ਹੀ ਨਹੀਂ ਮਿਲੇ, ਕਾਂਗਰਸ ਨੂੰ ਵੀ ਕਰਨਾ ਪਿਆ ਸੰਘਰਸ਼-ਅਰੋੜਾ

ਪੰਜਾਬ ਵਿੱਚ ਕਈ ਦਹਾਕਿਆਂ ਬਾਅਦ ਲੋਕਲ ਬਾਡੀ ਚੋਣਾਂ ਇੰਨੇ ਆਜ਼ਾਦ ਅਤੇ ਪਾਰਦਰਸ਼ੀ ਢੰਗ ਨਾਲ ਹੋਈਆਂ, ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਦੀ ਜਿੱਤ ਇਸ ਗੱਲ ਦਾ ਸਬੂਤ ਹੈ- ਅਰੋੜਾ

ਚੰਡੀਗੜ੍ਹ, 22 ਦਸੰਬਰ

ਆਮ ਆਦਮੀ ਪਾਰਟੀ (ਆਪ) ਨੇ ਲੋਕ ਬਾੱਡੀ ਚੋਣਾਂ ਵਿੱਚ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।  ਪਾਰਟੀ ਨੇ ਕਿਹਾ ਕਿ ਲੋਕਲ ਬਾੱਡੀ ਚੋਣਾਂ ਦੇ ਨਤੀਜੇ ਸਾਬਤ ਕਰਦੇ ਹਨ ਕਿ ਜ਼ਿਮਨੀ ਚੋਣਾਂ ਵਾਂਗ ਇਸ ਵਾਰ ਵੀ ਸ਼ਹਿਰਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ। 

ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਆਪ ਆਗੂ ਡਾ. ਸੰਨੀ ਆਹਲੂਵਾਲੀਆ ਅਤੇ ਫੈਰੀ ਸੋਫਤ ਦੇ ਨਾਲ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਜਨਤਾ ਦਾ ਧੰਨਵਾਦ ਕੀਤਾ।

ਅਰੋੜਾ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਵੀ ਅਧਿਕਾਰਤ ਤੌਰ ‘ਤੇ ਨੰਬਰ 1 ਪਾਰਟੀ ਬਣ ਗਈ ਹੈ।  ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਅਤੇ ਕਾਂਗਰਸ ਦੇ ਮਜ਼ਬੂਤ ਹੋਣ ਦਾ ਭਰਮ ਟੁੱਟ ਗਿਆ ਹੈ।  ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 55% ਤੋਂ ਵੱਧ ਸੀਟਾਂ ਜਿੱਤੀਆਂ ਹਨ।  ਜਦੋਂਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦਾ ਮਿਲਾ ਕੇ ਸਿਰਫ਼ 45 ਫ਼ੀਸਦੀ ਬਣਦਾ ਹੈ।  ਅਰੋੜਾ ਨੇ ਦੱਸਿਆ ਕਿ ਕੱਲ੍ਹ ਕੁੱਲ 977 ਵਿੱਚੋਂ 961 ਵਾਰਡਾਂ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਵਿੱਚੋਂ 522 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ।  ਜਦੋਂਕਿ ਕਾਂਗਰਸ 191 ਵਾਰਡਾਂ ਨਾਲ ਸਿਰਫ਼ 20 ਫੀਸਦੀ ਸੀਟਾਂ ਹੀ ਜਿੱਤ ਸਕੀ। 

ਇਸ ਚੋਣ ਵਿੱਚ ਭਾਜਪਾ ਅਤੇ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਸਫ਼ਾਇਆ ਹੋ ਗਿਆ। ਭਾਜਪਾ ਨੇ ਸਿਰਫ਼ 7 ਫ਼ੀਸਦੀ ਸੀਟਾਂ ਜਿੱਤੀਆਂ, ਉਸ ਦੇ 69 ਉਮੀਦਵਾਰ ਜਿੱਤੇ।  ਜਦੋਂਕਿ ਅਕਾਲੀ ਦਲ 3 ਫੀਸਦੀ ਸੀਟਾਂ ਜਿੱਤ ਸਕਿਆ।  ਇਸ ਦੇ ਸਿਰਫ਼ 31 ਉਮੀਦਵਾਰ ਹੀ ਜਿੱਤ ਸਕੇ।  ਬਸਪਾ ਦੇ 5 ਉਮੀਦਵਾਰ ਜਿੱਤੇ।  ਇਹ ਸਿਰਫ 0.5 ਫੀਸਦੀ ਸੀਟਾਂ ਹੀ ਜਿੱਤ ਸਕੀ।  ਆਜ਼ਾਦ ਉਮੀਦਵਾਰਾਂ ਦੀ ਜਿੱਤ ਦੀ ਗਿਣਤੀ 143 ਸੀ ਅਤੇ ਉਨ੍ਹਾਂ ਦੀ ਜਿੱਤ ਦੀ ਪ੍ਰਤੀਸ਼ਤਤਾ ਲਗਭਗ 15 ਪ੍ਰਤੀਸ਼ਤ ਰਿਹਾ।

ਅਰੋੜਾ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਭਾਜਪਾ ਨੂੰ ਸ਼ੀਸ਼ਾ ਦਿਖਾ ਕੇ ਉਨ੍ਹਾਂ ਦੇ ਪੰਜਾਬ ਵਿਰੋਧੀ ਰਵੱਈਏ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਕਈ ਵਾਰਡਾਂ ਵਿੱਚ ਚੋਣ ਲੜਨ ਲਈ ਉਮੀਦਵਾਰ ਵੀ ਨਹੀਂ ਮਿਲ ਸਕੇ। ਕਾਂਗਰਸ ਨੂੰ ਵੀ ਉਮੀਦਵਾਰ ਲੱਭਣ ਵਿੱਚ ਜੱਦੋਜਹਿਦ ਕਰਨੀ ਪਈ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਸੀ ਜਿਸ ਨੇ ਹਰ ਵਾਰਡ ਵਿੱਚ ਆਪਣੇ ਚੋਣ ਨਿਸ਼ਾਨ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ।

ਅਰੋੜਾ ਨੇ ਨਤੀਜਿਆਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਟਿਆਲਾ ਨਗਰ ਨਿਗਮ ‘ਚ ਅਸੀਂ ਇਕਤਰਫਾ ਜਿੱਤ ਪ੍ਰਾਪਤ ਕੀਤੀ ਹੈ |
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ ਚੋਣ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ।  ਅਸੀਂ 0 ਤੋਂ 55 ਫੀਸਦੀ ਤੱਕ ਚਲੇ ਗਏ ਹਾਂ।  ਪਹਿਲਾਂ ਸਾਡੇ ਕੋਲ ਕਿਤੇ ਵੀ ਮੇਅਰ ਜਾਂ ਨਗਰ ਕੌਂਸਲ ਪ੍ਰਧਾਨ ਨਹੀਂ ਸੀ।  ਹੁਣ ਸਾਡੇ ਕੋਲ 3 ਥਾਵਾਂ ‘ਤੇ ਮੇਅਰ ਹੋਵੇਗਾ ਅਤੇ 31 ਨਗਰ ਕੌਂਸਲਾਂ ਅਤੇ ਕਮੇਟੀਆਂ ਵਿੱਚ ਸਾਡੇ ਪ੍ਰਧਾਨ ਹੋਣਗੇ। ਉਨ੍ਹਾਂ ਇਸ ਜਿੱਤ ਦਾ ਸਿਹਰਾ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ, ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲਾਂ ਦੇ ਲੋਕ ਭਲਾਈ ਕੰਮਾਂ ਅਤੇ ਪਾਰਟੀ ਆਗੂਆਂ ‘ਤੇ ਵਰਕਰਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਉਨ੍ਹਾਂ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਤਾਰੀਫ ਵੀ ਕੀਤੀ ਅਤੇ ਜਿੱਤ ਲਈ ਵਧਾਈ ਦਿੱਤੀ।

ਅਰੋੜਾ ਨੇ ਵਿਰੋਧੀ ਪਾਰਟੀਆਂ ਦੇ ਪ੍ਰਚਾਰ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਕਈ ਦਹਾਕਿਆਂ ਬਾਅਦ ਪੰਜਾਬ ਵਿੱਚ ਲੋਕ ਸਭਾ ਚੋਣਾਂ ਇੰਨੇ ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ ਹਨ।  ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਦੀ ਜਿੱਤ ਇਸ ਦਾ ਸਬੂਤ ਹੈ।  ਉਨ੍ਹਾਂ ਮੁੱਖ ਮੰਤਰੀ ਦੇ ਗ੍ਰਹਿ ਹਲਕੇ ਸੰਗਰੂਰ ਦੀ ਉਦਾਹਰਨ ਦਿੱਤੀ, ਜਿੱਥੇ 10 ਆਜ਼ਾਦ ਉਮੀਦਵਾਰ ਜੇਤੂ ਰਹੇ। ਜਦੋਂਕਿ ਬਰਨਾਲਾ ਦੀ ਨਗਰ ਕੌਂਸਲ ਹੰਡਿਆਇਆ ਵਿੱਚ ਕਾਂਗਰਸ ਦਾ ਉਮੀਦਵਾਰ ਸਿਰਫ਼ ਇੱਕ ਵੋਟ ਨਾਲ ਜੇਤੂ ਰਿਹਾ। ਉਨ੍ਹਾਂ ਕਿਹਾ ਕਿ ਬਰਨਾਲਾ ਤੋਂ ਸਾਡਾ ਮੀਤ ਹੇਅਰ ਐਮ.ਐਲ.ਏ ਅਤੇ ਮੰਤਰੀ ਰਹਿ ਚੁੱਕਿਆ ਹੈ ਅਤੇ ਅੱਜ ਵੀ ਉਸ ਇਲਾਕੇ ਤੋਂ ਐਮ.ਪੀ. ਹੈ। ਜੇਕਰ ਉਹ ਗਲਤ ਕਰਨਾ ਚਾਹੁੰਦੇ ਹੁੰਦੇ ਤਾਂ ਕਾਂਗਰਸੀ ਉਮੀਦਵਾਰ ਇਕ ਵੀ ਵੋਟ ਨਾਲ ਨਾ ਜਿੱਤਦਾ। 

ਅਰੋੜਾ ਨੇ ਕਿਹਾ ਕਿ ਇਹ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਚੋਣਾਂ ਪੂਰੀ ਤਰ੍ਹਾਂ ਆਜ਼ਾਦ ਅਤੇ ਨਿਰਪੱਖ ਹੋਇਆਂ ਹਨ ਅਤੇ ਸੂਬਾ ਸਰਕਾਰ ਨੇ ਇਸ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ। ਇਸ ਦੇ ਉਲਟ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਚੋਣਾਂ ਵਿਚ ਵੱਡੇ ਪੱਧਰ ‘ਤੇ ਧਾਂਦਲੀ ਅਤੇ ਹੇਰਾਫੇਰੀ ਹੁੰਦੀ ਸੀ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨਿਗਮ ਚੋਣਾਂ ਵਿੱਚ ਜਿੱਤਣ ਬਾਰੇ ਸੋਚ ਵੀ ਨਹੀਂ ਸਕਦੀਆਂ ਸਨ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸੰਭਵ ਹੋਇਆ ਹੈ।

ਅਰੋੜਾ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਸਾਰੀਆਂ ਪਾਰਟੀਆਂ ਦੇ ਨਵੇਂ ਕੌਂਸਲਰ ਲੋਕਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ‘ਆਪ’ ਸਰਕਾਰ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਰੀਆਂ ਨਗਰ ਨਿਗਮਾਂ ਅਤੇ ਕੌਂਸਲਾਂ ਲਈ ਮਿਲ ਕੇ ਕੰਮ ਕਰੇਗੀ। ਸਾਡਾ ਉਦੇਸ਼ ਸ਼ਹਿਰਾਂ ਦਾ ਵਿਕਾਸ ਕਰਨਾ ਅਤੇ ਬਿਨਾਂ ਕਿਸੇ ਝਗੜੇ ਜਾਂ ਵਿਵਾਦ ਦੇ ਇਕੱਠੇ ਕੰਮ ਕਰਨਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਧਾਨ ਅਤੇ ਮੇਅਰ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਸੂਬਾ ਸਰਕਾਰ ਵੱਲੋਂ ਨਿਗਮਾਂ ਅਤੇ ਕੌਂਸਲਾਂ ਨੂੰ ਪੂਰਾ ਵਿੱਤੀ ਸਹਿਯੋਗ ਦਿੱਤਾ ਜਾਵੇਗਾ।

CATEGORIES
TAGS
Share This

COMMENTS

Wordpress (0)
Disqus (0 )
Translate