ਖੂਨਦਾਨ ਸਭ ਤੋਂ ਵੱਡਾ ਦਾਨ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਪੰਚਕੁਲਾ 16 ਦਸੰਬਰ। ਸਾਬਕਾ ਕੇਂਦਰੀ ਮੰਤਰੀ ਤੇ ਅੰਬਾਲਾ ਦੇ ਸਾਬਕਾ ਸਾਂਸਦ ਮਰਹੂਮ ਸ੍ਰੀ ਰਤਨ ਲਾਲ ਕਟਾਰੀਆ ਦੇ 73ਵੇਂ ਜਨਮ ਦਿਵਸ ਮੌਕੇ ਪੰਚਕੂਲਾ ਦੀ ਮਾਤਾ ਮਨਸਾ ਦੇਵੀ ਗਊਸ਼ਾਲਾ ਵਿੱਚ ਖੂਨ ਦਾਨ, ਅੱਖਾਂ ਦੀ ਜਾਂਚ ਅਤੇ ਸਿਹਤ ਜਾਂਚ ਦਾ ਵਿਸ਼ਾਲ ਕੈਂਪ ਲਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਪਹੁੰਚੇ। ਇਸ ਮੌਕੇ ਤੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ। ਅੱਜ ਦੇ ਸਮੇਂ ਵਿੱਚ ਕਿਸੇ ਨਾਲ ਵੀ ਦੁਰਘਟਨਾ ਵਾਪਰ ਸਕਦੀ ਹੈ ਤੇ ਖੂਨ ਦੀ ਲੋੜ ਪੈਂਦੀ ਹੈ। ਇਸ ਲਈ ਇਸ ਤੋਂ ਵੱਡਾ ਕੋਈ ਵੀ ਦਾਨ ਨਹੀਂ ਹੁੰਦਾ। ਇਸ ਦੌਰਾਨ ਮੁੱਖ ਮੰਤਰੀ ਨੇ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦੇ ਉਤਸ਼ਾਹ ਦੀ ਪ੍ਰਸ਼ੰਸਾ ਕਰਦੇ ਉਹਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਗਊਸ਼ਾਲਾ ਦੇ ਭੰਡਾਰਾ ਸੇਵਾ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਤੇ ਨਾਲ ਹੀ ਉਹਨਾਂ ਨੇ ਪੰਛੀਆਂ ਲਈ ਬਣੇ ਰਹਿਣ ਬਸੇਰਿਆਂ ਦਾ ਵੀ ਉਦਘਾਟਨ ਕੀਤਾ। ਉਨਾਂ ਕਿਹਾ ਕਿ ਸੂਬੇ ਦੇ ਪਸ਼ੂ ਪੰਛੀਆਂ ਲਈ ਵੀ ਰਾਜ ਸਰਕਾਰ ਲਗਾਤਾਰ ਕਾਰਜ ਕਰ ਰਹੀ ਹੈ। ਇਸ ਮੌਕੇ ਤੇ ਉਹਨਾਂ ਨੇ ਮੋਰਨੀ ਇਲਾਕੇ ਦੇ ਸਿਹਤ ਸੇਵਾਵਾਂ ਲਈ ਅਰੋਗਿਆ ਬਾਈਕ ਨੂੰ ਹਰੀ ਝੰਡੀ ਦੇ ਕੇ ਵੀ ਰਵਾਨਾ ਕੀਤਾ।