100 ਦਿਨਾਂ ਟੀ.ਬੀ.ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ,ਟੀ.ਬੀ ਸੰਬੰਧੀ ਵਿਭਾਗ ਕਰ ਰਿਹਾ ਹੈ ਜਾਗਰੂਕ
ਕਪੂਰਥਲਾ 13 ਦਸੰਬਰ। ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਦੇ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਟੀ.ਬੀ ਅਫਸਰ ਡਾ.ਮੀਨਾਕਸ਼ੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਬਲਾਕ ਢਿੱਲਵਾਂ ਅਧੀਨ ਮੈਡੀਕਲ ਅਫਸਰ ਡਾ.ਸਰਵਲੀਨ ਕੌਰ ਦੀ ਯੋਗ ਅਗਵਾਈ ਹੇਠ 100 ਦਿਨਾਂ ਟੀ.ਬੀ ਰੋਕਥਾਮ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਤਹਿਤ ਅੱਜ ਸੁਭਾਨਪੁਰ ਅਤੇ ਦਾਉਦਪੁਰ ਵਿਖੇ ਟੀ. ਬੀ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀ.ਐਚ.ਓ ਸੁਭਾਨਪੁਰ ਸਰਵਲੀਨ ਕੌਰ ਨੇ ਕਿਹਾ ਕਿ ਤਪਦਿਕ (ਟੀ.ਬੀ.) ਅਜੇ ਵੀ ਦੁਨੀਆ ਦੀ ਸਭ ਤੋਂ ਵੱਡੀ ਛੂਤ ਦੀ ਬਿਮਾਰੀ ਹੈ ਜੋ ਕਿ ਮੌਤ ਦਰ ਵਿੱਚ ਵਾਧਾ ਕਰਦੀ ਹੈ, ਪਰੰਤੁ ਤਪਦਿਕ ਇੱਕ ਅਜਿਹੀ ਬਿਮਾਰੀ ਹੈ,ਜਿਸਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਚਿਆ ਵੀ ਜਾ ਸਕਦਾ ਹੈ। ਹਵਾ ਰਾਹੀਂ, ਤਪਦਿਕ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਜਦੋਂ ਤਪਦਿਕ ਵਾਲੇ ਵਿਅਕਤੀ ਖੰਘਦੇ ਹਨ, ਛਿੱਕਦੇ ਹਨ ਤਾਂ ਬੈਕਟੀਰੀਆ ਹਵਾ ਵਿੱਚ ਫੈਲ ਜਾਂਦੇ ਹਨ। ਜਿਸ ਉਪਰੰਤ ਨੇੜਲਾ ਵਿਅਕਤੀ ਵੀ ਟੀ.ਬੀ ਦੀ ਇੰਫੈਕਸ਼ਨ ਤੋਂ ਸੰਕ੍ਰਮਿਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਾਗਰੁਕ ਰਹਿ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਜੇਕਰ ਵਿਅਕਤੀ ਇਸ ਬਿਮਾਰੀ ਤੋਂ ਪੀੜਿਤ ਹੋ ਜਾਂਦਾ ਹੈ ਤਾਂ ਪਤਾ ਲਗਦੇ ਹੀ ਸਮੇਂ ਸਿਰ ਇਲਾਜ ਨਾਲ ਇਸ ਤੋ ਨਿਜਾਤ ਪਾਈ ਜਾ ਸਕਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੋ ਹਫਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ ‘ਤੇ ਟੀ.ਬੀ. ਦੀ ਜਾਂਚ ਕਰਵਾਈ ਜਾਵੇ ਅਤੇ ਟੀ.ਬੀ. ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਐਕਟੇਂਸ਼ਨ ਐਜੁਕੇਟਰ ਮੋਨਿਕਾ ਨੇ ਕਿਹਾ ਕਿ ਟੀ.ਬੀ. ਇੱਕ ਛੂਤ ਦਾ ਰੋਗ ਹੈ ਅਤੇ ਸਹੀ ਅਤੇ ਮੁਕੰਮਲ ਇਲਾਜ ਨਾਲ ਇਹ ਰੋਗ ਪੂਰੀ ਤਰਾਂ ਨਾਲ ਠੀਕ ਹੋ ਜਾਂਦਾ ਹੈ, ਟੀ.ਬੀ. ਦਾ ਰੋਗ ਛਿਪਾਉਣ ਨਾਲ, ਇਲਾਜ (ਦਵਾਈ) ਅੱਧ ਵਿਚਾਲੇ ਬੰਦ ਕਰਨ ਲਾਲ ਇਹ ਰੋਗ ਘਾਤਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਕੰਟਰੋਲ ਪ੍ਰੋਗਰਾਮ ਦੇ ਤਹਿਤ ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਰੋਗ ਦੀ ਮੁਫ਼ਤ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਟੀ.ਬੀ. ਦਾ ਇੱਕ ਮਰੀਜ ਜੋ ਕਿ ਆਪਣਾ ਇਲਾਜ ਨਹੀਂ ਕਰਵਾਉਂਦਾ, 15 ਤੰਦਰੁਸਤ ਵਿਅਕਤੀਆਂ ਨੂੰ ਇੱਕ ਸਾਲ ਦੋਰਾਨ ਟੀ.ਬੀ. ਦਾ ਰੋਗੀ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰ ਵਿੱਚ ਕਮਜੋਰੀ ਆਉਣਾ, ਭਾਰ ਘੱਟਣਾ, ਖਾਂਸੀ, ਬੁਖਾਰ, ਭੁੱਖ ਨਾ ਲੱਗਣਾ ਰਾਤ ਨੂੰ ਪਸੀਨਾ ਆਉਣਾ ਅਤੇ ਛਾਤੀ ਵਿੱਚ ਦਰਦ ਆਦਿ ਟੀ.ਬੀ. ਰੋਗ ਹੋਣ ਦੇ ਲੱਛਣ ਹੋ ਸਕਦੇ ਹਨ। ਇਸ ਲਈ ਅਜਿਹੇ ਲੱਛਣ ਦਿੱਸਣ ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ।



