ਅਕਾਲੀ ਦਲ ਨੇ ਹਰਿਆਣਾ ਵਿਚ ਗੁਰਦੁਆਰਾ ਕਮੇਟੀ ਚੋਣਾਂ ਵਿਚ ਪਾਰਟੀ ਨੂੰ ਲੜਨ ਤੋਂ ਰੋਕਣ ਵਾਸਤੇ ਸਾਜ਼ਿਸ਼ ਰਚਣ ਦੀ ਕੀਤੀ ਨਿਖੇਧੀ
ਪਾਰਟੀ ਗੁਰਦੁਆਰਾ ਚੋਣਾਂ ਲਈ ਸਮੂਹ ਬਣਾਉਣ ਤੋਂ ਸਿਆਸੀ ਪਾਰਟੀਆਂ ਨੂੰ ਰੋਕਣ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਵੇਗੀ: ਡਾ. ਦਲਜੀਤ ਸਿੰਘ ਚੀਮਾ
ਮੁਕਤਸਰ, 12 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਹਰਿਆਣਾ ਵਿਚ ਹੋ ਰਹੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਰਚੀ ਜਾ ਰਹੀ ਸਾਜ਼ਿਸ਼ ਦੀ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ਪਾਰਟੀ ਇਸ ਅਨਿਆਂ ਦੇ ਖਿਲਾਫ ਕਾਨੂੰਨੀ ਲੜਾਈ ਲੜੇਗੀ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਕੇ ਲੋਕਪ੍ਰਤੀਨਿਧ ਐਕਟ ਦੀ ਧਾਰਾ 29 ਏ ਤਹਿਤ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਸਾਰੀਆਂ ਪਾਰਟੀਆਂ ਲਈ ਇਹ ਚੋਣਾਂ ਲੜਨ ’ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਅਜਿਹੀ ਪਾਰਟੀ ਚੋਣ ਲੜਨ ਵਾਸਤੇ ਸਮੂਹ ਨਹੀਂ ਬਣਾ ਸਕਦੀ ਤੇ ਨਾ ਹੀ ਚੋਣ ਨਿਸ਼ਾਨ ਵਾਸਤੇ ਅਪਲਾਈ ਕਰ ਸਕਦੀ ਹੈ।
ਇਸ ਨੋਟੀਫਿਕੇਸ਼ਨ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਵੀ ਦਿੱਲੀ ਸਰਕਾਰ ਨੇ ਅਜਿਹਾ ਹੀ ਨੋਟੀਫਿਕੇਸ਼ਨ ਜਾਰੀ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਤੋਂ ਰੋਕਣ ਦਾ ਯਤਨ ਕੀਤਾ ਸੀ ਪਰ ਪਾਰਟੀ ਨੇ ਹਾਈ ਕੋਰਟ ਕੋਲ ਪਹੁੰਚ ਕੀਤੀ। ਮਾਣਯੋਗ ਅਦਾਲਤ ਨੇ ਕਿਹਾ ਕਿ ਇਹ ਇਕ ਧਰਮ ਨਿਰਪੱਖ ਅਧਿਕਾਰ ਹੈ ਜਿਸਨੂੰ ਖੋਹਿਆ ਨਹੀਂ ਜਾ ਸਕਦਾ।
ਡਾ. ਚੀਮਾ ਨੇ ਹਰਿਆਣਾ ਗੁਰਦੁਆਰਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਹ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਅਤੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਅਦਾਲਤਾਂ ਕੋਲ ਪਹੁੰਚ ਕਰਾਂਗੇ ਕਿਉਂਕਿ ਇਹ ਸਾਡੇ ਲੋਕਤੰਤਰੀ ਹੱਕ ’ਤੇ ਹਮਲਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹਰਿਆਣਾ ਸਰਕਾਰ ਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਵਾਸਤੇ ਐਕਟ ਲਿਆਂਦਾ ਅਤੇ ਹਰਿਆਣਾ ਵਿਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਇਸ ਵੱਲੋਂ ਬਣਾਈ ਕਮੇਟੀ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਐਕਟ ਵੀ ਉਦੋਂ ਲਿਆਂਦਾ ਗਿਆ ਜਦੋਂ ਗੁਰਦੁਆਰਾ ਐਕਟ 1925 ਹਾਲੇ ਵੀ ਲਾਗੂ ਹੈ। ਉਨਾਂ ਕਿਹਾ ਕਿ ਅਜਿਹੇ ਗੈਰ ਕਾਨੂੰਨੀ ਕਦਮ ਚੁੱਕਣ ਦੇ ਬਾਵਜੂਦ ਹਾਲੇ ਵੀ ਹਰਿਆਣਾ ਸਰਕਾਰ ਨੂੰ ਅਕਾਲੀ ਦਲ ਦਾ ਡਰ ਹੈ ਅਤੇ ਉਹ ਅਕਾਲੀ ਦਲ ਨੂੰ ਚੋਣਾਂ ਤੋਂ ਦੂਰ ਰੱਖਣ ਦਾ ਯਤਨ ਕਰ ਰਹੀ ਹੈ।