ਰਵਾਇਤੀ ਖੇਤੀ ਦੇ ਨਾਲ ਸਬਜੀ ਉਤਪਾਦਨ ਕਰਨ ਵਾਲਾ ਸਫਲ ਕਿਸਾਨ ਰਵੀ ਕਾਂਤ

ਪਰਾਲੀ ਨੂੰ ਨਹੀਂ ਲਗਾਉਂਦਾ ਅੱਗ, ਖੇਤੀਬਾੜੀ ਵਿਭਾਗ ਨਾਲ ਹਮੇਸ਼ਾ ਰਹਿੰਦਾ ਹੈ ਜੁੜਿਆ
ਫਾਜ਼ਿਲਕਾ, 9 ਦਸੰਬਰ
ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਨਿਹਾਲ ਖੇੜਾ ਦਾ ਕਿਸਾਨ ਰਵੀ ਕਾਂਤ ਇਕ ਅਜਿਹਾ ਸਫਲ ਕਿਸਾਨ ਹੈ ਜੋ ਕਿ ਹੋਰਨਾਂ ਲਈ ਪ੍ਰੇਰਣਾ ਸ਼੍ਰੋਤ ਬਣਕੇ ਕੰਮ ਕਰਦਾ ਹੈ। ਖੇਤੀਬਾੜੀ, ਬਾਗਬਾਨੀ, ਖੇਤੀਬਾੜੀ ਯੁਨੀਵਰਸਿਟੀ ਅਤੇ ਕਿਸ਼੍ਰੀ ਵਿਗਿਆਨ ਕੇਂਦਰ ਦੇ ਸਦਾ ਸੰਪਰਕ ਵਿਚ ਰਹਿ ਕੇ ਖੇਤੀ ਕਰਨ ਵਾਲਾ ਰਵੀ ਕਾਂਤ ਜਿੱਥੇ ਕਣਕ ਝੋਨੇ ਦੀ ਰਵਾਇਤੀ ਖੇਤੀ ਕਰਦਾ ਹੈ ਉਥੇ ਹੀ ਉਸ ਵੱਲੋਂ ਸਬਜੀਆਂ ਦੀ ਕਾਸਤ ਕੀਤੀ ਜਾ ਰਹੀ ਹੈ।
ਰਵੀ ਕਾਂਤ ਦੱਸਦਾ ਹੈ ਕਿ ਰਵਾਇਤੀ ਫਸਲਾਂ ਤੋਂ 6 ਮਹੀਨੇ ਬਾਅਦ ਆਮਦਨ ਆਉਂਦੀ ਹੈ ਜਦ ਕਿ ਸਬਜੀਆਂ ਦੀ ਕਾਸਤ ਤੋਂ ਰੋਜਾਨਾਂ ਆਮਦਨ ਆਉਂਦੀ ਹੈ। ਉਸ ਵੱਲੋਂ ਆਪਣੇ ਖੇਤ ਵਿਚ ਭਾਂਤ ਭਾਂਤ ਦੀਆਂ ਸਬਜੀਆਂ ਲਗਾਈਆਂ ਹੋਈਆਂ ਹਨ। ਉਹ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਵੱਲੋਂ ਖੋਜੀਆਂ ਸੁਧਰੀਆਂ ਕਿਸਮਾਂ ਦੇ ਬੀਜ ਤੇ ਪਨੀਰੀ ਵੀ ਤਿਆਰ ਕਰਦਾ ਹੈ ਜੋ ਹੋਰਨਾਂ ਕਿਸਾਨਾਂ ਨੂੰ ਵੀ ਮੁਹਈਆ ਕਰਵਾਉਂਦਾ ਹੈ।
ਰਵੀ ਕਾਂਤ ਦੱਸਦਾ ਹੈ ਕਿ ਉਸਨੇ ਆਪਣੇ ਖੇਤ ਵਿਚ ਨਵੇਂ ਨਵੇਂ ਤਜਰਬੇ ਵੀ ਆਰੰਭ ਕੀਤੇ ਹਨ। ਉਹ ਸਬਜੀਆਂ ਦਾ ਇਕ ਪਲਾਟ ਬਿਨ੍ਹਾਂ ਵਾਹੇ ਤਿਆਰ ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਜੇਕਰ ਕਿਸਾਨ ਨੇ ਤਰੱਕੀ ਕਰਨੀ ਹੈ ਤਾਂ ਉਸਨੂੰ ਇਕ ਫਸਲ ਤੇ ਨਿਰਭਰ ਰਹਿਣ ਦੀ ਬਜਾਏ ਆਮਦਨ ਦੇ ਕਈ ਵਿਕਲਪ ਤਿਆਰ ਕਰਨੇ ਪੈਣਗੇ।
ਰਵੀ ਕਾਂਤ ਜਿੱਥੇ ਸਬਜੀਆਂ ਦੀ ਕਾਸਤ ਕਰਦਾ ਹੈ ਉਥੇ ਹੀ ਉਸ ਵੱਲੋਂ ਕਣਕ ਝੋਨੇ ਦੀ ਖੇਤੀ ਵੀ ਕੀਤੀ ਜਾਂਦੀ ਹੈ ਅਤੇ ਉਹ ਕਈ ਸਾਲਾਂ ਤੋਂ ਪਰਾਲੀ  ਨੂੰ ਬਿਨ੍ਹਾਂ ਸਾੜੇ ਇਸਦੀ ਸੰਭਾਲ ਕਰ ਰਿਹਾ ਹੈ। ਰਵੀ ਕਾਂਤ ਦੱਸਦਾ ਹੈ ਕਿ ਅਜਿਹਾ ਕਰਨ ਨਾਲ ਉਸਦੀ ਜਮੀਨ ਦੀ ਉਪਜਾਊ ਸ਼ਕਤੀ ਵੱਧੀ ਹੈ ਅਤੇ ਜਮੀਨ ਵਿਚ ਸੁਧਾਰ ਹੋਇਆ ਹੈ। ਉਹ ਆਖਦਾ ਹੈ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੁਹੰਦ ਨੂੰ ਸਾੜਨਾ ਨਹੀਂ ਚਾਹੀਦਾ ਸਗੋਂ ਇਸਦੀ ਵਰਤੋਂ ਖੇਤ ਵਿਚ ਹੀ ਕਿਸੇ ਤਰੀਕੇ ਕਰਨੀ ਚਾਹੀਦੀ ਹੈ। ਜਿਵੇਂ ਪਰਾਲੀ ਨਾਲ ਸਬਜੀਆਂ ਅਤੇ ਬਾਗਾਂ ਵਿਚ ਜਿੱਥੇ ਮਲਚਿੰਗ ਕੀਤੀ ਜਾ ਸਕਦੀ ਹੈ ਉਥੇ ਹੀ ਇਸ ਨੂੰ ਖੇਤ ਵਿਚ ਦਬਾਉਣ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜਮੀਨ ਦੀ ਸ਼ਕਤੀ ਵੱਧਦੀ ਹੈ। ਉਹ ਸਲਾਹ ਦਿੰਦਾ ਹੈ ਕਿ ਕਿਸਾਨਾਂ ਨੂੰ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨਾਲ ਰਾਬਤਾ ਕਰਕੇ ਨਵੀਂਆਂ ਤਕਨੀਕਾਂ ਸਿੱਖਦੇ ਹੋਏ ਆਪਣੀ ਖੇਤੀ ਵਿਚ ਲਗਾਤਾਰ ਜਰੂਰਤ ਅਨੁਸਾਰ ਬਦਲਾਅ ਕਰਦੇ ਰਹਿਣਾ ਚਾਹੀਦਾ ਹੈ।

CATEGORIES
Share This

COMMENTS

Wordpress (0)
Disqus (0 )
Translate