100 ਦਿਨਾਂ ਟੀ.ਬੀ. ਰੋਕਥਾਮ ਮੁਹਿੰਮ ਦੀ ਕੀਤੀ ਰਸਮੀ ਸ਼ੁਰੂਆਤ

ਦੋ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ ‘ਤੇ ਟੀ.ਬੀ. ਦੀ ਜਾਂਚ ਜਰੂਰੀ : ਡਾ. ਅਸ਼ਵਨੀ ਕੁਮਾਰ

ਕਪੂਰਥਲਾ 7 ਦਸੰਬਰ। ਸਿਵਲ ਸਰਜਨ ਕਪੂਰਥਲਾ ਡਾ.ਰੀਚਾ ਭਾਟੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਅਸ਼ਵਨੀ ਕੁਮਾਰ ਦੀ ਯੋਗ ਅਗੁਵਾਈ ਹੇਠ 100 ਦਿਨਾਂ ਟੀ.ਬੀ ਰੋਕਥਾਮ ਮੁਹਿੰਮ ਦੀ ਸਮੂਹ ਸਟਾਫ ਵੱਲੋਂ ਸੰਹੂ ਚੁੱਕ ਕਿ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਤਪਦਿਕ (ਟੀ.ਬੀ.) ਅਜੇ ਵੀ ਦੁਨੀਆ ਦਾ ਸਭ ਤੋਂ ਵੱਡੀ ਛੂਤ ਦੀ ਬਿਮਾਰੀ ਹੈ ਜੋ ਕਿ ਮੌਤ ਦਰ ਵਿੱਚ ਵਾਧਾ ਕਰਦੀ ਹੈ ਪਰੰਤੁ ਤਪਦਿਕ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਚਿਆ ਵੀ ਜਾ ਸਕਦਾ ਹੈ। ਹਵਾ ਰਾਹੀਂ, ਤਪਦਿਕ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਜਦੋਂ ਤਪਦਿਕ ਵਾਲੇ ਵਿਅਕਤੀ ਖੰਘਦੇ ਹਨ, ਛਿੱਕਦੇ ਹਨ ਤਾਂ ਬੈਕਟੀਰੀਆ ਹਵਾ ਵਿੱਚ ਫੈਲ ਜਾਂਦੇ ਹਨ। ਜਿਸ ਉਪਰੰਤ ਨੇੜਲਾ ਵਿਅਕਤੀ ਵੀ ਟੀ.ਬੀ ਦੀ ਇੰਫੈਕਸ਼ਨ ਤੋਂ ਸੰਕ੍ਰਮਿਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਾਗਰੁਕ ਰਹਿ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਜੇਕਰ ਵਿਅਕਤੀ ਇਸ ਬਿਮਾਰੀ ਤੋਂ ਪੀੜਿਤ ਹੋ ਜਾਂਦਾ ਹੈ ਤਾਂ ਪਤਾ ਲਗਦੇ ਹੀ ਸਮੇਂ ਸਿਰ ਇਲਾਜ ਨਾਲ ਇਸ ਤੋ ਨਿਜਾਤ ਪਾਈ ਜਾ ਸਕਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੋ ਹਫਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ ‘ਤੇ ਟੀ.ਬੀ. ਦੀ ਜਾਂਚ ਕਰਵਾਈ ਜਾਵੇ ਅਤੇ ਟੀ.ਬੀ. ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ।

ਸਕੂਲੀ ਬੱਚਿਆਂ ਨੂੰ ਟੀ.ਬੀ ਸੰਬੰਧੀ ਕੀਤਾ ਜਾਗਰੂਕ
ਇਸ ਮੌਕੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿੱਖੇ ਆਏ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨਡਾਲਾ ਦੇ ਬੱਚਿਆਂ ਨੂੰ 100 ਦਿਨਾਂ ਟੀ.ਬੀ ਰੋਕਥਾਮ ਮੁਹਿੰਮ ਸੰਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਐਕਟੇਂਸ਼ਨ ਐਜੁਕੇਟਰ ਮੋਨਿਕਾ ਨੇ ਸਮੂਹ ਬੱਚਿਆਂ ਨੂੰ ਦੱਸਇਆ ਕਿ ਭਾਰਤ ਨੂੰ ਟੀ.ਬੀ. ਮੁਕਤ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਟੀ.ਬੀ. ਜਾਗਰੂਕਤਾ ਗਤੀਵਿਧੀਆਂ ਕਰਕੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਟੀ.ਬੀ. ਇੱਕ ਛੂਤ ਦਾ ਰੋਗ ਹੈ ਅਤੇ ਸਹੀ ਅਤੇ ਮੁਕੰਮਲ ਇਲਾਜ ਨਾਲ ਇਹ ਰੋਗ ਪੂਰੀ ਤਰਾਂ ਨਾਲ ਠੀਕ ਹੋ ਜਾਂਦਾ ਹੈ, ਟੀ.ਬੀ. ਦਾ ਰੋਗ ਛਿਪਾਉਣ ਨਾਲ, ਇਲਾਜ (ਦਵਾਈ) ਅੱਧ ਵਿਚਾਲੇ ਬੰਦ ਕਰਨ ਲਾਲ ਇਹ ਰੋਗ ਘਾਤਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਕੰਟਰੋਲ ਪ੍ਰੋਗਰਾਮ ਦੇ ਤਹਿਤ ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਰੋਗ ਦੀ ਮੁਫ਼ਤ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਟੀ.ਬੀ. ਦਾ ਇੱਕ ਮਰੀਜ ਜੋ ਕਿ ਆਪਣਾ ਇਲਾਜ ਨਹੀਂ ਕਰਵਾਉਂਦਾ, 15 ਤੰਦਰੁਸਤ ਵਿਅਕਤੀਆਂ ਨੂੰ ਇੱਕ ਸਾਲ ਦੋਰਾਨ ਟੀ.ਬੀ. ਦਾ ਰੋਗੀ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰ ਵਿੱਚ ਕਮਜੋਰੀ ਆਉਣਾ, ਭਾਰ ਘੱਟਣਾ, ਖਾਂਸੀ, ਬੁਖਾਰ, ਭੁੱਖ ਨਾ ਲੱਗਣਾ ਰਾਤ ਨੂੰ ਪਸੀਨਾ ਆਉਣਾ ਅਤੇ ਛਾਤੀ ਵਿੱਚ ਦਰਦ ਆਦਿ ਟੀ.ਬੀ. ਰੋਗ ਹੋਣ ਦੇ ਲੱਛਣ ਹੋ ਸਕਦੇ ਹਨ। ਇਸ ਲਈ ਅਜਿਹੇ ਲੱਛਣ ਦਿੱਸਣ ਤੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਚੰਗੀ ਖੁਰਾਕ, ਘਰ ਦਾ ਬਣਿਆ ਖਾਣਾ ਖਾਉਣ, ਬਾਹਰੀ ਪਦਾਰਥਾਂ ਦਾ ਸੇਵਨ ਨਾ ਕਰਨ ਅਤੇ ਰੋਜ਼ਾਨਾ ਯੋਗ ਅਭਿਆਸ ਜਾਂ ਕਸਰਤ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਸਟਾਫ ਨਰਸ ਨਵਨੀਤ ਕੌਰ, ਐੇਸ.ਆਈ ਬਲਕਾਰ ਸਿੰਘ, 80 ਵਿਦਿਆਰਥੀ, ਮੈਡਮ ਪ੍ਰੀਤੀ ਅਤੇ ਅਧਿਆਪਕ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate