ਸਿਹਤ ਵਿਭਾਗ ਵੱਲੋਂ ਸ਼ੀਤ ਲਹਿਰ ਤੋਂ ਬਚਨ ਲਈ ਜਾਰੀ ਕੀਤੇ ਸੁਝਾਅ ਅਤੇ ਦਿਸ਼ਾ ਨਿਰਦੇਸ਼


ਬੱਚੇ, ਗਰਭਵਤੀ ਮਾਵਾਂ ਅਤੇ ਬਜੁਰਗਾਂ ਦਾ ਸ਼ੀਤ ਲਹਿਰ ਦੌਰਾਨ ਖਾਸ ਧਿਆਨ ਰੱਖਣ ਦੀ ਲੋੜ: ਸਿਵਲ ਸਰਜਨ।
ਸ੍ਰੀ ਮੁਕਤਸਰ ਸਾਹਿਬ                                                                  
ਸਿਹਤ ਵਿਭਾਗ ਵਲੋਂ ਸ਼ੀਤ ਲਹਿਰ ਤੋਂ ਬਚਣ ਲਈ ਜਿਲ੍ਹਾ ਵਾਸੀਆਂ ਲਈ ਸੁਝਾਅ ਜਾਰੀ ਕੀਤੇ ਹਨ।ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ  ਦੱਸਿਆ ਕਿ ਸ਼ੀਤ ਲਹਿਰ ਨਾਲ ਸਿਹਤ ਸਬੰਧੀ ਕਈ ਤਰ੍ਹਾ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜ਼ਿਨ੍ਹਾ ਤੋਂ ਸਾਨੁ ਜਾਗਰੂਕ ਰਹਿਣ ਦੀ ਜਰੂਰਤ ਹੈ।
ਉਹਨਾਂ ਦੱਸਿਆ ਕਿ ਪੂਰੀ ਤਰ੍ਹਾ ਸਰੀਰ ਢੱਕਦੇ ਗਰਮ ਕੱਪੜੇ ਜਿਵੇਂ ਦਸਤਾਨੇ, ਟੋਪੀ, ਮਫ਼ਲਰ, ਜੁਰਾਬਾਂ ਅਤੇ ਬੂਟ ਪਾਏ ਜਾਣ। ਜ਼ਿਆਦਾ ਘੁਟਣ ਵਾਲੇ ਕੱਪੜੇ ਤੋਂ ਪ੍ਰਹੇਜ ਕੀਤਾ ਜਾਵੇ ਕਿਉਂਕਿ ਇਸ ਨਾਲ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ।ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਲਈ ਪੌਸ਼ਟਿਕ ਆਹਾਰ ਜਿਵੇਂ ਵਿਟਾਮਿਨ-ਸੀ ਭਰਪੂਰ ਭੋਜਨ ਅਤੇ ਸਬਜੀਆਂ ਆਦਿ ਦੀ ਵਰਤੋਂ ਕੀਤੀ ਜਾਵੇ। ਗਰਮ ਪਾਣੀ ਪੀਂਦੇ ਰਹੋ। ਜੇਕਰ ਸਰੀਰ ਦਾ ਤਾਪਮਾਨ ਘੱਟ ਜਾਵੇ, ਨਾ ਰੁਕਣ ਵਾਲੀ ਕੰਬਣੀ, ਯਾਦਾਸ਼ਤ ਚਲੇ ਜਾਣਾ, ਬੇਹੋਸ਼ੀ, ਜੁਬਾਨ ਦਾ ਲੜਖੜਾਉਣਾ ਜਾਂ ਫਲੂ, ਸਰਦੀ, ਖੰਘ, ਜੁਕਾਮ ਆਦਿ ਲੱਛਣ ਦਿਸਣ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸ਼ੀਤ ਲਹਿਰ ਦੌਰਾਨ ਕਰੋਨਿਕ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਸਾਹ ਦੀ ਤਕਲੀਫ਼ ਦੇ ਮਰੀਜ਼, ਦਿਲ ਦੀਆਂ ਬਿਮਾਰੀਆਂ ਦੇ ਮਰੀਜ਼, ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਮਾਂਵਾਂ, ਬਜੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ। ਉਹਨਾਂ ਨੂੰ ਅਜਿਹੇ ਵਿੱਚ ਵਧੇਰੇ ਸਾਵਧਾਨੀਆਂ ਵਰਤਣ ਦੀ ਜਰੂਰਤ ਹੁੰਦੀ ਹੈ। ਸ਼ੀਤ ਲਹਿਰ ਦੌਰਾਨ ਕਮਰੇ ਵਿੱਚ ਵੈਂਨਟੀਲੇਸ਼ਨ ਹੋਣ ਤੇ ਹੀ ਰੂਮ ਹੀਟਰ, ਬਲੋਅਰ ਆਦਿ ਉਪਕਰਨਾਂ ਦੀ ਵਰਤੋਂ ਕੀਤੀ ਜਾਵੇ। ਕਮਰੇ ਵਿੱਚ ਕੋਇਲੇ ਵਾਲੀ ਅੰਗੀਠੀ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਕੋਇਲੇ ਦੇ ਜਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਹੈ, ਜਿਸ ਨਾਲ ਮੌਤ ਵੀ ਹੋ ਸਕਦੀ ਹੈ।
                                       ਇਸ ਸਮੇਂ ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸ਼ੀਤ ਲਹਿਰ ਦੀ ਲਪੇਟ ਵਿੱਚ ਆਏ ਵਿਅਕਤੀਆਂ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੂਰਾ ਪ੍ਰਬੰਧ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋੜੀਂਦੀਆਂ ਜਰੂਰੀ ਦਵਾਈਆਂ ਅਤੇ ਸਾਜੋ ਸਮਾਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹੈ।
      ਸੁਖਮੰਦਰ ਸਿੰਘ ਬਰਾੜ ਜਿਲ਼੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆਂ ਕਿ ਸ਼ੀਤ ਲਹਿਰ ਦੌਰਾਨ ਗਰਮ ਕੱਪੜੇ ਪਾਓ, ਜਿਨ੍ਹਾਂ ਸੰਭਵ ਹੋ ਸਕੇ ਘਰ ਵਿਚ ਹੀ ਰਹੋ, ਯਾਤਰਾ ਤੋਂ ਪ੍ਰਹੇਜ ਕਰੋ, ਆਪਣੇ ਆਪ ਨੂੰ ਸੁੱਕਾ ਰੱਖੋ, ਮੌਸਮੀ ਜਾਣਕਾਰੀ ਲਈ ਅਖਬਾਰ ਅਤੇ ਟੀ.ਵੀ. ਅਤੇ ਰੇਡੀਓ ਸਮੇਂ ਸਮੇਂ ਤੇ ਸੁਣਦੇ ਰਹੋ। ਗਰਮ ਪੇ ਪਦਾਰਥ ਜਿਵੇਂ ਗਰਮ ਦੁੱਧ, ਪਾਣੀ ਅਤੇ ਚਾਹ ਲੈਂਦੇ ਰਹੋ ਅਤੇ ਸ਼ਰਾਬ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ। ਸਾਨੂੰ ਖੁੱਲ੍ਹੇ ਵਿੱਚ ਨਹੀਂ ਥੁੱਕਣਾ ਚਾਹੀਦਾ, ਛਿੱਕਦੇ ਅਤੇ ਖੰਘਦੇ ਸਮੇਂ ਮੂੰਹ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਬਿਨ੍ਹਾਂ ਡਾਕਟਰੀ ਜਾਂਚ ਤੋਂ ਦਵਾਈ ਨਹੀਂ ਲੈਣੀ ਚਾਹੀਦੀ। ਉਹਨਾਂ ਦੱਸਿਆ ਕਿ ਜਿਆਦਾ ਠੰਡ ਲੱਗਣ ਤੇ ਬਿਮਾਰ ਵਿਅਕਤੀ ਨੂੰ ਨਿੱਘੀ ਜਗ੍ਹਾ ਤੇ ਲੈ ਕੇ ਜਾਓ।ਉਹਨਾਂ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਸਮੂਹ ਸਿਹਤ ਫੀਲਡ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ, ਸਕੂਲਾਂ, ਸਿਹਤ ਸੰਸਥਾਵਾਂ ਵਿੱਚ ਸਰਦੀ ਤੋਂ ਬਚਣ ਲਈ ਸਿਹਤ ਸਿੱਖਿਆ ਦੇਣ।      

CATEGORIES
TAGS
Share This

COMMENTS

Wordpress (0)
Disqus (0 )
Translate