ਹੁਸੈਨੀਵਾਲਾ ਮਾਰਗ ਨੂੰ ਵਿਰਾਸਤੀ ਮਾਰਗ ਵਜੋਂ ਵਿਕਸਿਤ ਕੀਤਾ ਜਾਵੇਗਾ- ਭੁੱਲਰ

ਸੈਲਾਨੀਆਂ ਨੂੰ ਆਕਿਰਸ਼ਿਤ ਕਰਨ ਲਈ ਕੈਨਾਲ ਰੈਸਟ ਹਾਊਸ ਦੇ ਆਲ਼ੇ-ਦੁਆਲ਼ੇ ਵਿੱਚ ਕੀਤਾ ਜਾਵੇਗਾ ਵਿਕਾਸ

ਫਿਰੋਜ਼ਪੁਰ, 22 ਦਸੰਬਰ

          ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿੱਚ ਆਉਣ ਵਾਲੇ ਲੋਕਾਂ ਨੂੰ ਹੋਰ ਆਕਰਸ਼ਿਤ ਕਰਨ ਤੇ ਇਸ ਖੇਤਰ ਵਿੱਚ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਸ਼ਹੀਦੀ ਸਮਾਰਕ ਹੁਸੈਨੀਵਾਲਾ ਨੂੰ ਜਾਂਦੀ ਸੜਕ ਨੂੰ ਵਿਰਾਸਤੀ ਮਾਰਗ ਵਜੋਂ ਵਿਕਸਿਤ ਕੀਤਾ ਜਾਵੇਗਾ। ਇਹ ਜਾਣਕਾਰੀ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਸ਼ਹੀਦੀ ਸਮਾਰਕ ਅਤੇ ਕੈਨਾਲ ਰੈਸਟ ਹਾਊਸ ਦਾ ਦੌਰਾ ਕਰਨ ਮੌਕੇ ਦਿੱਤੀ।

          ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹੀਦੀ ਸਮਾਰਕ ਨੂੰ ਜਾਂਦੀ ਸੜਕ ਨੂੰ ਦਾਸ ਐਂਡ ਬਰਾਉਨ ਸਕੂਲ ਤੋਂ ਰੇਲਵੇ ਸਟੇਸ਼ਨ ਹੁਸੈਨੀਵਾਲਾ ਤੱਕ ਵਿਰਾਸਤੀ ਦਿੱਖ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਦਰਿਆ ਸਤਲੁਜ ਦੇ ਕੰਢੇ ‘ਤੇ ਬਣੇ ਸਿੰਚਾਈ ਵਿਭਾਗ ਦੇ ਰੈਸਟ ਹਾਊਸ ਦੇ ਆਲੇ-ਦੁਆਲੇ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇੱਥੇ ਵਧੀਆ ਇੰਟਰਲੌਕਿੰਗ ਟਾਈਲਾਂ, ਗਜੀਬੋ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਸਹੂਲਤ ਸਮੇਤ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਣਗੀਆਂ। ਉਨ੍ਹਾਂ ਕਿਹਾ ਇਹ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਰਾਸਤੀ ਮਾਰਗ ਅਤੇ ਕੈਨਾਲ ਰੈਸਟ ਹਾਊਸ ਦੇ ਆਲ਼ੇ-ਦੁਆਲ਼ੇ ਦੇ ਸੁੰਦਰੀਕਰਨ ਲਈ ਮਗਨਰੇਗਾ ਅਤੇ ਪੰਜਾਬ ਨਿਰਮਾਣ ਅਧੀਨ 25-30 ਲੱਖ ਰੁਪਏ ਦੀ ਰਾਸ਼ੀ ਖਰਚ ਕਰਕੇ ਇਸ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ।

          ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸ. ਰਾਜ ਬਹਾਦੁਰ ਸਿੰਘ ਗਿੱਲ, ਨੇਕ ਪ੍ਰਤਾਪ ਸਿੰਘ ਰੂਬੀ ਤੇ ਹਿਮਾਂਸ਼ੂ ਆਦਿ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate