ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 27 ਨਵੰਬਰ

ਭਾਰਤ ਵਿੱਚ ਚੈਕ ਰਿਪਬਲਿਕ ਦੇ ਰਾਜਦੂਤ ਡਾ. ਏਲੀਸਕਾ ਜ਼ਿਗੋਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।

ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੁਲਾਕਾਤ ਦੌਰਾਨ ਸ. ਸੰਧਵਾਂ ਨੇ ਭਾਰਤ ਅਤੇ ਚੈਕ ਰਿਪਬਲਿਕ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ, ਫੂਡ ਪ੍ਰੋਸਿਸਿੰਗ ਤੇ ਪੈਕਜਿੰਗ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ ‘ਤੇ ਜ਼ੋਰ ਦਿੱਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਦੋਵੇਂ ਦੇਸ਼ ਵੱਖ-ਵੱਖ ਖੇਤਰਾਂ ‘ਚ ਗਿਆਨ ਅਤੇ ਤਕਨਾਲੋਜੀ ਦੇ ਆਪਸੀ ਅਦਾਨ-ਪ੍ਰਦਾਨ ਤੋਂ ਲਾਭ ਉਠਾ ਸਕਦੇ ਹਨ।

ਸ. ਸੰਧਵਾਂ ਨੇ ਡਾ. ਏਲੀਸਕਾ ਜ਼ਿਗੋਵਾ ਨੂੰ ਚੈਕ ਰਿਪਬਲਿਕ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਹਿੱਤ ਪ੍ਰੇਰਿਤ ਕਰਨ ਲਈ ਵੀ ਕਿਹਾ।

ਸਪੀਕਰ ਸ. ਸੰਧਵਾਂ ਨੂੰ ਚੈਕ ਗਣਰਾਜ ਦਾ ਦੌਰਾ ਕਰਨ ਦਾ ਸੱਦਾ ਦਿੰਦਿਆਂ, ਡਾ.ਏਲੀਸਕਾ ਜ਼ਿਗੋਵਾ ਨੇ ਚੈਕ ਰਿਪਬਲਿਕ ਅਤੇ ਭਾਰਤ ਦੇ ਆਪਸੀ ਸਬੰਧਾਂ ਬਾਰੇ ਚਰਚਾ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਪੰਜਾਬੀਆਂ ਦੇ ਮਿਹਨਤ ਕਰਨ ਵਾਲੇ ਜਜ਼ਬੇ ਦੀ ਵੀ ਸ਼ਲਾਘਾ ਕੀਤੀ।ਡਾ. ਏਲੀਸਕਾ ਜ਼ਿਗੋਵਾ ਨੇ ਦੱਸਿਆ ਕਿ ਚੈਕ ਰਿਪਬਲਿਕ, ਭਾਰਤ ਨਾਲ ਮਜ਼ਬੂਤ ਦੁਵੱਲੇ ਸਹਿਯੋਗ ਨੂੰ ਲਗਾਤਾਰ ਹੋਰ ਅੱਗੇ ਵਧਾਉਂਦਾ ਆ ਰਿਹਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ।

CATEGORIES
Share This

COMMENTS

Wordpress (0)
Disqus (0 )
Translate