ਪੰਜਾਬ ਸਰਕਾਰ ਦੀ ਨਵੀਂ ਪਹਿਲ,ਪਰਾਲੀ ਡੀਕੰਪੋਜਰ ਨਾਲ ਸੰਭਾਲੀ ਜਾਵੇਗੀ ਪਰਾਲੀ

ਫਾਜਿ਼ਲਕਾ, 3 ਨਵੰਬਰ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਵਿਚ ਪਰਾਲੀ ਪ੍ਰਬੰਧਨ ਸਬੰਧੀ ਇਕ ਨਵੀਂ ਪਹਿਲ ਕਦਮੀ ਕੀਤੀ ਹੈ। ਇਸ ਤਹਿਤ ਫਾਜਿ਼ਲਕਾ ਜਿ਼ਲ੍ਹੇ ਵਿਚ 10 ਹਜਾਰ ਏਕੜ ਰਕਬੇ ਵਿਚ ਪਰਾਲੀ ਪ੍ਰਬੰਧਨ ਲਈ ਪੁਸਾ ਡੀਕੰਪੋਜਰ ਦੀ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦਿੱਤੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦੱਸਿਆ ਕਿ ਸਰਕਾਰ ਇਹ ਡੀਕੰਪੋਜਰ ਕਿਸਾਨਾਂ ਨੂੰ ਮੁਫ਼ਤ ਮੁਹਈਆ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਲਈ ਕਿਸਾਨ ਆਪਣੇ ਬਲਾਕ ਖੇਤੀਬਾੜੀ ਦਫਤਰਾਂ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਇਕ ਪਾਊਡਰ ਦੇ ਰੂਪ ਵਿਚ ਦਵਾਈ ਹੈ ਅਤੇ 750 ਗ੍ਰਾਮ ਦੇ ਪੈਕਟ ਵਿਚ ਉਪਲਬੱਧ ਹੈ। ਇਕ ਪੈਕਟ ਯਾਨੀ ਕਿ 750 ਗ੍ਰਾਮ ਦਵਾਈ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਰੀਪਰ ਮਾਰ ਕੇ ਇਹ ਦਵਾਈ ਛਿੜਕ ਕੇ ਖੇਤ ਵਿਚ ਹੱਲ ਚਲਾ ਦਿੱਤਾ ਜਾਂਦਾ ਹੈ ਤਾਂ ਜੋ ਪਰਾਲੀ ਨੂੰ ਮਿੱਟੀ ਲੱਗ ਜਾਵੇ। ਇਹ ਡੀਕੰਪੋਜਰ ਜਿਵਾਣੂ ਖਾਦ ਹੈ ਅਤੇ ਇਸਦੇ ਜਿਵਾਣੂ ਪਰਾਲੀ ਨੂੰ ਤੇਜੀ ਨਾਲ ਮਿੱਟੀ ਵਿਚ ਮਿੱਟੀ ਹੋਣ ਵਿਚ ਸਹਾਈ ਕਰਦੇ ਹਨ ਅਤੇ ਆਮ ਦੇ ਮੁਕਾਬਲੇ ਪਰਾਲੀ ਜਲਦੀ ਮਿੱਟੀ ਵਿਚ ਜਜਬ ਹੋ ਜਾਂਦੀ ਹੈ।
ਡਾ: ਰਿਣਵਾਂ ਨੇ ਦੱਸਿਆ ਕਿ ਇਸ ਵਿਧੀ ਨਾਲ ਪੌਸ਼ਕ ਤੱਤਾਂ ਨਾਲ ਭਰਪੂਰ ਪਰਾਲੀ ਸਾਡੇ ਖੇਤ ਦੀ ਮਿੱਟੀ ਵਿਚ ਹੀ ਰਹਿ ਜਾਂਦੀ ਹੈ ਜਿਸ ਕਾਰਨ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਕਿਉਂਕਿ ਪਰਾਲੀ ਦੇ ਪੋਸ਼ਕ ਤੱਤ ਵੀ ਜਮੀਨ ਵਿਚ ਹੀ ਰਲ ਜਾਂਦੇ ਹਨ।
ਉਨ੍ਹਾਂ ਨੇ ਜਿ਼ਲ੍ਹੇ ਦੇ ਕਿਸਾਨਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜੋਰਦਾਰ ਸਲਾਘਾ ਕਰਦਿਆਂ ਕਿਹਾ ਉਨ੍ਹਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਕੇ ਇਸਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ।

CATEGORIES
Share This

COMMENTS

Wordpress (0)
Disqus (0 )
Translate