ਆਪ ਆਦਮੀ ਪਾਰਟੀ ਪੰਚਾਇਤ ਚੋਣਾਂ ’ਚ ਆਪਣੀਆਂ ਕਠਪੁਤਲੀਆਂ ਲੋਕਾਂ ਸਿਰ ਮੜ੍ਹ ਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ

ਪੀੜਤ ਬਣਾਏ ਉਮੀਦਵਾਰਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੇ ਕੇਸ ਹਾਈ ਕੋਰਟ ਵਿਚ ਲੜੇਗਾ


ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੀ ਤਾਕਤ ਆਪ ਦਿੱਲੀ ਹਾਈ ਕਮਾਂਡ ਹਵਾਲੇ ਕੀਤੇ ਜਾਣ ਨਾਲ ਸੂਬੇ ਵਿਚ ਜੰਗਲ ਰਾਜ ਦਾ ਮਾਹੌਲ ਬਣਿਆ


ਗਿੱਦੜਬਾਹਾ, 8 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਚਾਇਤ ਚੋਣਾਂ ਦੌਰਾਨ ਆਪਣੀਆਂ ਕਠਪੁਤਲੀਆਂ ਲੋਕਾਂ ਸਿਰ ਮੜ੍ਹ ਕੇ ਲੋਕਤੰਤਰ ਦਾ ਕਤਲ ਕੀਤਾ ਹੈ ਤੇ ਉਹਨਾਂ ਨੇ ਜਿਹੜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਧੱਕੇ ਨਾਲ ਰੱਦ ਕੀਤੇ ਗਏ, ਉਹਨਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੇ ਕੇਸ ਹਾਈ ਕੋਰਟ ਵਿਚ ਲੜੇਗਾ ਤੇ ਉਹਨਾਂ ਨੂੰ ਨਿਆਂ ਦੁਆਏਗਾ।


ਇਥੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਮੌਕੇ, ਜਿਸ ਦੌਰਾਨ ਉਹਨਾਂ ਨੇ ਉਹਨਾਂ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਜਿਹਨਾਂ ਦੇ ਨਾਮਜ਼ਦਗੀ ਪੱਤਰ ਧੱਕੇ ਨਾਲ ਰੱਦ ਕੀਤੇ ਗਏ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪ ਦੇ ਸਾਰੇ ਆਗੂ ਜਿਹਨਾਂ ਨੇ ਲੋਕਤੰਤਰ ਦਾ ਗਲਾ ਘੁਟਿਆ ਅਤੇ ਜਿਹੜੇ ਸਰਕਾਰੀ ਅਧਿਕਾਰੀਆਂ ਨੇ ਆਪ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇਸ਼ਾਰਿਆਂ ’ਤੇ ਵਧੀਕੀਆਂ ਕੀਤੀਆਂ, ਨੂੰ ਕਾਨੂੰਨ ਦੀ ਅਦਾਲਤ ਵਿਚ ਜਵਾਬਦੇਹ ਠਹਿਰਾਇਆ ਜਾਵੇਗਾ।


ਸਰਦਾਰਨੀ ਬਾਦਲ ਨੇ ਆਪ ਵੱਲੋਂ ਜ਼ਮੀਨੀ ਪੱਧਰ ’ਤੇ ਲੋਕਤੰਤਰ ਦਾ ਕਤਲ ਕਰਨ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮੇਰੀ ਗਿੱਦੜਬਾਹਾ ਦੇ 15 ਉਮੀਦਵਾਰਾਂ ਨਾਲ ਗੱਲ ਹੋਈ ਹੈ ਜਿਹਨਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ, ਹਾਲਾਂਕਿ ਉਹਨਾਂ ਵਿਚ ਕੋਈ ਘਾਟ ਨਹੀਂ ਸੀ। ਉਹਨਾਂ ਕਿਹਾ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੁਦ ਰਿਟਰਨਿੰਗ ਅਫਸਰ ਦੇ ਦਫਤਰ ਚਲ ਕੇ ਗਏ ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਦਫਤਰੋਂ ਬਾਹਰ ਕੱਢਿਆ ਗਿਆ। ਉਹਨਾਂ ਕਿਹਾ ਕਿ ਸੂਬੇ ਭਰ ਤੋਂ ਆ ਰਹੀਆਂ ਰਿਪੋਰਟਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਆਪ ਆਗੂਆਂ ਨੇ ਇਸ ਕਰ ਕੇ ਗੁੰਡਾਗਰਦੀ ਕੀਤੀ ਤਾਂ ਜੋ ਵਿਰੋਧੀ ਉਮੀਦਵਾਰਾਂ ਨੂੰ ਚੋਣਾਂ ਲੜਨ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜੇ ਗਏ, ਉਮੀਦਵਾਰਾਂ ਨੂੰ ਅਗਵਾ ਕੀਤਾ ਗਿਆ ਤੇ ਇਕ ਮਾਮਲੇ ਵਿਚ ਕਤਲ ਵੀ ਕੀਤਾ ਗਿਆ।


ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਕਾਨੂੰਨਹੀਣਤਾ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਾਰੀ ਤਾਕਤ ਆਪ ਦਿੱਲੀ ਹਾਈ ਕਮਾਂਡ ਦੇ ਹਵਾਲੇ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਬੈਠੀ ਆਪ ਹਾਈ ਕਮਾਂਡ ਹੁਣ ਹੁਕਮ ਜਾਰੀ ਕਰ ਰਹੀ ਹੈ  ਜਿਸ ਕਾਰਣ ਪੂਰਾ ਪ੍ਰਸ਼ਾਸਨਿਕ ਢਾਂਚਾ ਢਹਿ ਢੇਰੀ ਹੋ ਗਿਆ ਹੈ।


ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਹਾਲਾਤ ਅਜਿਹੇ ਹਨ ਕਿ ਉਹ ਤਾਂ ਆਪਣੇ ਓ ਐਸ ਡੀ ਵੀ ਨਹੀਂ ਰੱਖ ਸਕਦੇ, ਸੂਬਾ ਚਲਾਉਣ ਦੀ ਤਾਂ ਗੱਲ ਹੀ ਛੱਡੋ।


ਬਠਿੰਡਾ ਦੇ ਐਮ ਪੀ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਤੇ ਉਹਨਾਂ ਨੇ ਗਿੱਦੜਬਾਹਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਜੋ ਇਕੱਲਾ ਸੂਬੇ ਵਿਚ ਵਿਕਾਸ ਦਾ ਦੌਰ ਵਾਪਸ ਲਿਆ ਸਕਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਨੇ ਸੂਬੇ ਨੂੰ ਕੰਗਾਲ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ 2017 ਤੋਂ 2022 ਤੱਕ ਆਪਣੇ ਕਾਰਜਕਾਲ ਵਿਚ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਤੇ ਆਪ ਨੇ ਢਾਈ ਸਾਲਾਂ ਵਿਚ ਹੀ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਹੁਣ ਹਾਲਾਤ ਇਹ ਹਨ ਕਿ ਆਪ ਸਰਕਾਰ ਨੂੰ ਹਰ ਮਹੀਨੇ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਤੁਸੀਂ ਅਜਿਹੇ ਹਾਲਾਤ ਵਿਚ ਸਰਕਾਰ ਤੋਂ ਇਹ ਆਸ ਕਿਵੇਂ ਕਰ ਸਕਦੇ ਹੋ ਕਿ ਉਹ ਕੋਈ ਵਿਕਾਸ ਕਾਰਜ ਕਰੇਗੀ ਜਾਂ ਆਟਾ ਦਾਲ ਅਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਚਲਾਏਗੀ ਜਿਹਨਾਂ ਵਿਚ ਭਾਰੀ ਕਟੌਤੀ ਕੀਤੀ ਗਈ ਹੈ ਤੇ ਸੂਬੇ ਦੇ ਵੱਡੇ ਹਿੱਸੇ ਵਿਚ ਇਹ ਬੰਦ ਵੀ ਕਰ ਦਿੱਤੀਆਂ ਗਈਆਂ ਹਨ।


ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਆਪ ਸਰਕਾਰ ਦੇ ਰਾਜ ਵਿਚ ਕਿਸਾਨਾਂ ਦਾ ਕਿਵੇਂ ਮੰਦਾ ਹਾਲ ਹੈ ਤੇ ਮੁੱਖ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਵੀ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਖਰੀਦ ਨਾ ਹੋਣ ਕਾਰਣ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗ ਗਏ ਹਨ ਤੇ ਸ਼ੈਲਰ ਮਾਲਕਾਂ ਕੋਲ ਝੋਨੇ ਦੀ ਫਸਲ ਰੱਖਣ ਵਾਸਤੇ ਥਾਂ ਨਹੀਂ ਹੈ ਕਿਉਂਕਿ ਪਿਛਲੇ ਸਾਲ ਦੀ ਜਿਣਸ ਦੀ ਹਾਲੇ ਤੱਕ ਲਿਫਟਿੰਗ ਨਹੀਂ ਹੋਈ।


ਸਰਦਾਰਨੀ ਬਾਦਲ ਨੇ ਬਾਰ ਐਸੋਸੀਏਸ਼ਨ ਗਿੱਦੜਬਾਹਾ ਨਾਲ ਮੀਟਿੰਗ ਵੀ ਕੀਤੀ ਤੇ ਉਹਨਾਂ ਦੀ ਨਵੀਂ ਇਮਾਰਤ ਦੀ ਉਸਾਰੀ ਵਾਸਤੇ 5 ਲੱਖ ਰੁਪਏ ਗ੍ਰਾਂਟ ਦੇਣ ਦੀ ਮੰਗ ਪ੍ਰਵਾਨ ਕਰ ਲਈ ਅਤੇ ਇਸ ਰਾਸ਼ੀ ਦਾ ਚੈਕ ਮੌਕੇ ’ਤੇ ਉਹਨਾਂ ਨੂੰ ਸੌਂਪ ਦਿੱਤਾ। ਉਹਨਾਂ ਨੇ ਡੀ ਏ ਪੀ ਸਕੂਲ ਅਤੇ ਡੀ ਏ ਵੀ ਕਾਲਜ ਵਿਚ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਸਮੇਤ ਹਲਕੇ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ।

ਸਾਬਕਾ ਵਿਧਾਇਕ ਰਘਬੀਰ ਪ੍ਰਧਾਨ ਦੇ ਨਾਲ ਉਹਨਾਂ ਨੇ ਡੀ ਏ ਪੀ ਸਕੂਲ ਅਤੇ ਡੀ ਏ ਵੀ ਕਾਲਜ ਵਿਚ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਸਮੇਤ ਹਲਕੇ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਕਮੇਟੀ ਮੈਂਬਰ ਗੁਰਪਾਲ ਸਿੰਘ ਗੋਰਾ ਦੇ ਘਰ ਵੀ ਗਏ ਤੇ ਪਿੰਡ ਫੱਕਰਸਰ ਠਹਿਰ ਵਿਚ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਵੀ ਹੋਏ।

CATEGORIES
Share This

COMMENTS

Wordpress (0)
Disqus (0 )
Translate