ਖੇਰੂੰ ਖੇਰੂੰ ਹੋਈ ਪੰਥਕ ਸ਼ਕਤੀ ਨੂੰ ਇਕ ਸੂਤਰ ’ਚ ਪਿਰੋਏਗਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਹਿਲਾ ਜਨਮ ਸ਼ਤਾਬਦੀ ਸਮਾਗਮ : ਪ੍ਰੋ. ਚੰਦੂਮਾਜਰਾ
ਚੰਗਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਟੌਹੜਾ ਦੀ ਜਨਮ ਸਥਾਨ ਪਿੰਡ ਟੌਹੜਾ ਵਿਖੇ ਆ ਕੇ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾਉਂਦਾ : ਰੱਖੜਾ
ਜਥੇ. ਟੌਹੜਾ ਵਲੋਂ ਬਣਾਈਆਂ ਸੰਸਥਾਵਾਂ ’ਚ ਵੀ ਜਥੇ. ਟੌਹੜਾ ਦੀ ਜਨਮ ਸ਼ਤਾਬਦੀ ਸਮਾਗਮ ਨੂੰ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ : ਹਰਮੇਲ ਟੌਹੜਾ
ਪਟਿਆਲਾ, 23 ਸਤੰਬਰ-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਹਿਲੇ ਜਨਮ ਸ਼ਤਾਬਦੀ ਸਮਾਗਮ ਨੂੰ ਲੈ ਕੇ ਪਿੰਡ ਟੌਹੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਤੇ ਪੰਥਕ ਧਿਰਾਂ ਵਲੋਂ ਇਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਤੇ ਪੰਥਕ ਧਿਰਾਂ ਵਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਥਕ ਸ਼ਕਤੀ ਇਸ ਸਮੇਂ ਖੇਰੂੰ ਖੇਰੂੰ ਹੋਈ ਪਈ ਹੈ। ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਨੇ ਹਮੇਸ਼ਾ ਹੀ ਜਦੋਂ ਵੀ ਪੰਥਕ ਸ਼ਕਤੀ ਵਿਚ ਵਖਰੇਵਾਂ ਹੋਇਆ, ਉਸ ਨੂੰ ਇਕ ਸੂਤਰ ਵਿਚ ਪਿਰੋਣ ਲਈ ਹਮੇਸ਼ਾ ਆਪਣੀ ਕੁਰਸੀ ਦਾ ਤਿਆਗ ਕੀਤਾ ਅਤੇ ਪੰਥਕ ਏਕਤਾ ਲਈ ਹਰ ਕੁਰਬਾਨੀ ਕੀਤੀ। ਅੱਜ ਫਿਰ ਤੋਂ ਇਤਿਹਾਸ ਉਸੇ ਮੋੜ ’ਤੇ ਖੜ੍ਹਾ ਹੈ, ਜਿਥੇ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਦਾ ਪਹਿਲਾ ਜਨਮ ਸ਼ਤਾਬਦੀ ਸਮਾਗਮ ਮੁੜ ਤੋਂ ਪੰਥਕ ਏਕਤਾ ਨੂੰ ਇਕ ਸੂਤਰ ਵਿਚ ਪਿਰੋਏਗਾ। ਇਸ ਸਮਾਗਮ ਵਿਚ ਪੰਥ ਹਿਤੈਸ਼ੀ ਧਿਰਾਂ ਵਿਸ਼ੇਸ਼ ਤੌਰ ’ਤੇ ਜਥੇ. ਗੁਰਚਰਨ ਸਿੰਘ ਟੌਹੜਾ ਦੀ ਸੋਚ ਨੂੰ ਜਿੰਦਾ ਰੱਖਣ ਵਾਲੀਆਂ ਧਿਰਾਂ ਸਮੇਤ ਸਮੁੱਚੇ ਪੰਥ ਹਿਤੈਸ਼ੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਅਕਾਲੀ ਸੁਧਾਰ ਲਹਿਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਸਮੇਤ ਸਮੁੱਚੇ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਸਮਾਗਮ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਮੁੱਚੇ ਪੰਥਕ ਸੋਚ ਰੱਖਣ ਵਾਲੀਆਂ ਪੰਥਕ ਸੰਸਥਾਵਾਂ, ਸੰਤਾਂ ਮਹਾਪੁਰਸ਼ਾਂ, ਸਿੱਖ ਸੰਪਰਦਾਵਾਂ, ਵੱਖ ਵੱਖ ਸਮਾਜਿਕ ਜਥੇਬੰਦੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਥਕ ਧਿਰਾਂ ਦਾ ਇਕ ਮੰਚ ’ਤੇ ਇਕੱਠਾ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਏ ਦਿਨ ਨਵੇਂ ਡਰਾਮੇ ਖੇਡੇ ਜਾ ਰਹੇ ਹਨ, ਸਿੱਖ ਨੌਜਵਾਨਾਂ ’ਤੇ ਐਨ. ਐਸ. ਏ. ਲਾ ਕੇ ਉਨ੍ਹਾਂ ਨੂੰ ਨਜਾਇਜ ਹਿਰਾਸਤਾਂ ਵਿਚ ਰੱਖਿਆ ਜਾ ਰਿਹਾ ਹੈ, ਅੱਜ ਦਿੱਲੀ ਸਰਕਾਰ ਪੰਥਕ ਆਵਾਜ਼ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ ਅਤੇ ਪੰਥਕ ਸੋਚ ਰੱਖਣ ਵਾਲੇ ਉਸ ਮੰਚ ਦੀ ਉਡੀਕ ਕਰ ਰਹੇ ਹਨ, ਜਿਥੋਂ ਫਿਰ ਤੋਂ ਇਕ ਅਜਿਹਾ ਮੰਚ ਤਿਆਰ ਕੀਤਾ ਜਾ ਸਕੇ, ਜਿਸ ਤੋਂ ਦਿੱਲੀ ਵੀ ਥਰ ਥਰ ਕੰਭੇ ਅਤੇ ਮੁੜ ਤੋਂ ਪੰਜਾਬ ਵਿਚ ਪੰਥਕ ਲਹਿਰ ਆਪਣੇ ਚਰਮ ’ਤੇ ਪਹੁੰਚ ਸਕੇ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ ਵਲੋਂ ਜਥੇ. ਟੌਹੜਾ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਉਨ੍ਹਾਂ ਨੂੰ ਜਥੇ. ਟੌਹੜਾ ਨਾਲ ਇੰਨਾ ਪਿਆਰ ਸੀ ਤਾਂ ਉਹ ਇਸ ਸਮਾਗਮ ਵਿਚ ਭਾਗ ਲੈਂਦੇ ਪਰ ਨੀਅਤ ਠੀਕ ਨਾ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਐਸ. ਜੀ. ਪੀ. ਸੀ. ਵਲੋਂ ਵੱਖਰੇ ਤੌਰ ’ਤੇ ਜਾਣਬੁਝ ਕੇ ਸਮਾਗਮ ਨੂੰ ਤਾਰਪੀਡੋ ਕਰਨ ਲਈ ਬਰਾਬਰ ਸਮਾਗਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਹੀ ਵਿਦੇਸ਼ ਦੌਰੇ ਤੋਂ ਪਰਤੇ ਹਨ ਤੇ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲਾਂ ਪੰਜਾਬ ਵਿਚ ਅਤੇ ਫਿਰ ਵਿਦੇਸ਼ ਵਿਚ ਇਸ ਸਮਾਗਮ ਪ੍ਰਤੀ ਉਤਸ਼ਾਹ ਦੇਖਿਆ, ਉਹ ਆਪਣੇ ਆਪ ਵਿਚ ਸ਼ਲਾਘਾਯੋਗ ਸੀ। ਸ. ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਮੁਲਾਜ਼ਮਾਂ ਦੀਆਂ ਡਿਊਟੀਆਂ ਸਮਾਗਮ ਵਿਚ ਸ਼ਾਮਲ ਹੋਣ ਲਈ ਲਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਜ਼ਬਰਦਸਤੀ ਸ਼੍ਰੋਮਣੀ ਕਮੇਟੀ ਦੀਆਂ ਤਾਕਤਾਂ ਦਾ ਪ੍ਰਯੋਗ ਕਰਕੇ ਸ਼ਕਤੀ ਪ੍ਰਦਰਸ਼ਨ ਕਰਨ ਬਾਰੇ ਪਹਿਲਾਂ ਹੀ ਸਮੁੱਚੀ ਸੰਗਤ ਜਾਣਦੀ ਹੈ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੂੰਹ ਮੋੜ ਲਿਆ ਹੈ। ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਕਿਹਾ ਕਿ ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਆਪਣੇ ਆਪ ਵਿਚ ਇਕ ਸਖਸ਼ੀਅਤ ਸਨ, ਜਿਨ੍ਹਾਂ ਨੇ ਸਾਰੀ ਉਮਰ ਪੰਥ ਦਾ ਝੰਡਾ ਬੁਲੰਦ ਕਰਨ ਵਿਚ ਲਾ ਦਿੱਤੀ ਅਤੇ ਜਿਸ ਸੰਸਥਾ ਦੇ ਉਹ 27 ਸਾਲ ਤੱਕ ਲਗਾਤਾਰ ਪ੍ਰਧਾਨ ਰਹੇ, ਉਸ ਸੰਸਥਾ ਵਲੋਂ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਾਫੀ ਦੁਖਦਾਈ ਲੱਗਦੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਕ ਗੈਰ ਪੰਥਕ ਵਿਅਕਤੀ ਨੂੰ ਸਮਾਗਮ ਦੀ ਸਮੁੱਚੀ ਵਾਗਡੌਰ ਸੰਭਾਲੀ ਹੋਈ ਹੈ। ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਸਮਾਂ ਨਹੀਂ ਤਾਂ ਉਹ ਪ੍ਰਧਾਨਗੀ ਵੀ ਐਨ. ਕੇ. ਸ਼ਰਮਾ ਨੂੰ ਹੀ ਸੌਂਪ ਦੇਣ। ਇਸ ਮੌਕੇ ਗਗਨਜੀਤ ਸਿੰਘ ਬਰਨਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਭੁਪਿੰਦਰ ਸਿੰਘ ਸ਼ੇਖੂਪੁਰ, ਜਗਜੀਤ ਸਿੰਘ ਕੋਹਲੀ, ਸਤਨਾਮ ਸਿੰਘ ਸੱਤਾ, ਜਤਿੰਦਰ ਸਿੰਘ ਪਹਾੜੀਪੁਰ, ਜਸਵਿੰਦਰਪਾਲ ਸਿੰਘ ਚੱਢਾ, ਵਰਿੰਦਰ ਡਕਾਲਾ, ਗੁਰਮੁਖ ਸਿੰਘ ਸੋਹਾਗਹੇੜੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।



