ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣਗੇ ਅਸਤੀਫਾ
ਨਵੀਂ ਦਿੱਲੀ 15 ਸਤੰਬਰ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਉਹ ਦੋ ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ। ਜੇਲ ਤੋਂ ਜਮਾਨਤ ਤੇ ਰਿਹਾ ਹੋਣ ਤੋਂ ਬਾਅਦ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਦਫਤਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਦੋ ਦਿਨਾਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵਾਂਗਾ। ਮੇਰੇ ਵਾਂਗ ਮਨੀਸ਼ ਸਿਸੋਦੀਆ ਵੀ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਉਨਾਂ ਚਿਰ ਨਹੀਂ ਸੰਭਾਲਣਗੇ ਜਿੰਨਾ ਚਿਰ ਤੁਸੀਂ ਲੋਕ ਇਹ ਸਾਬਿਤ ਨਹੀਂ ਕਰ ਦਿੰਦੇ ਕਿ ਅਸੀਂ ਇਮਾਨਦਾਰ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਸੀਂ ਇਹ ਸਾਬਿਤ ਕਰਨਾ ਹੈ ਕਿ ਅਸੀਂ ਇਮਾਨਦਾਰ ਹਾਂ ਜਾਂ ਨਹੀਂ ਕਿਉਂਕਿ ਇਨਾਂ ਵੱਲੋਂ ਸਾਡੇ ਤੇ ਭਰਿਸ਼ਟਾਚਾਰ ਦੇ ਦੋਸ਼ ਲਾਏ ਗਏ ਹਨ ਜਿਹੜੇ ਕਿ ਬਿਲਕੁਲ ਝੂਠੇ ਹਨ। ਚੋਣਾਂ ਵਿੱਚ ਤੁਸੀਂ ਸਾਡਾ ਸਾਥ ਦੇ ਕੇ ਇਹ ਸਾਬਤ ਕਰਨਾ ਹੈ ਕਿ ਅਸੀਂ ਇਮਾਨਦਾਰ ਹਾਂ। ਉਹਨਾਂ ਕਿਹਾ ਕਿ ਮੈਂ ਰਾਜਨੀਤੀ ਲੋਕਾਂ ਦੀ ਸੇਵਾ ਲਈ ਸ਼ੁਰੂ ਕੀਤੀ ਸੀ ਨਾ ਕਿ ਪੈਸੇ ਤੇ ਅਹੁਦਿਆਂ ਲਈ।