ਝੋਨੇ ਦੀ ਪਰਾਲੀ ਬੋਝ ਨਹੀਂ,ਖੁਰਾਕੀ ਤੱਤਾਂ ਨਾਲ ਭਰਪੂਰ ਕੁਦਰਤੀ ਖਜ਼ਾਨਾ ਹੈ-ਡਾ.ਅਮਰੀਕ ਸਿੰਘ 

ਬੀੜ ਸਿੱਖਾਂਵਾਲਾ ਵਿੱਚ ਫਸਲੀ ਰਹਿੰਦ ਖੂੰਹਦ ਦੀ ਸੰਭਾਲ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ਫਰੀਦਕੋਟ: 7 ਸਤੰਬਰ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਆਈ ਏ ਐਸ ਦੀ ਅਗਵਾਈ ਹੇਠ ਫਸਲੀ ਰਹਿੰਦ ਖੂੰਹਦ ਸੰਭਾਲ ਸਕੀਮ ਤਹਿਤ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਜ਼ਿਲਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਆਰੰਭੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ  ਪੱਧਰੀ ਕਿਸਾਨ ਜਾਗਰੂਕਤਾ ਕੈਂਪ ਪਿੰਡ ਬੀੜ ਸਿੱਖਾਂ ਵਾਲਾ  ਦੇ ਅਗਾਂਹਵਧੂ ਕਿਸਾਨ ਸਿਮਰਨ ਸਿੰਘ ਮੌੜ ਦੇ ਫਾਰਮ ਤੇ  ਲਗਾਇਆ ਗਿਆ।   

ਕੈਂਪ ਦੀ ਪ੍ਰਧਾਨਗੀ ਮੁੱਖ ਖ਼ੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਕੀਤੀ । ਹੋਰਨਾਂ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ,ਡਾ.  ਨਿਸ਼ਾਨ ਸਿੰਘ ਭੁੱਲਰ, ਆਰ ਜੀ ਆਰ ਸੈਲ ਤੋਂ ਰਮਨ ਕੁਮਾਰ,ਪਰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਮਿੱਟੀ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਪੈਦਾ ਹੋਇਆ ਅਨਾਜ ਵੀ ਮਿਆਰੀ ਹੋਵੇਗਾ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਵਿਚ ਬਹੁਤ ਸਾਰੇ ਖੁਰਾਕੀ ਤੱਤ ਮੌਜੂਦ ਹੁੰਦੇ ਹਨ ਜੋਂ ਅੱਗ ਲੱਗਣ ਕਾਰਨ ਖਤਮ ਹੋ ਜਾਂਦੇ ਹਨ। ਉਨਾਂ ਕਿਹਾ ਕਿ ਇਨ੍ਹਾਂ ਖੁਰਾਕੀ ਤੱਤਾਂ ਨੂੰ ਜ਼ਮੀਨ ਵਿਚ ਵਾਪਿਸ ਕਰਨ ਦੀ ਜ਼ਰੂਰਤ ਹੈ ਤਾਂ ਜੋਂ ਖੁਰਾਕੀ ਤੱਤਾਂ ਨਾਲ ਭਰਪੂਰ ਅਨਾਜ ਪੈਦਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਸਬਸਿਡੀ ਤੇ ਦਿੱਤੀ ਜਾ ਰਹੀ ਹੈ । ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਬੋਝ ਨਹੀਂ ਸਗੋਂ ਖੁਰਾਕੀ ਤੱਤਾਂ ਨਾਲ ਭਰਪੂਰ ਕੁਦਰਤੀ ਖਜ਼ਾਨਾ ਹੈ।ਉਨਾਂ ਕਿਹਾ ਕਿ ਇਕ ਏਕੜ ਵਿੱਚੋਂ ਤਕਰੀਬਨ 3 ਟਨ ਪਰਾਲੀ ਪੈਦਾ ਹੁੰਦੀ ਹੈ ਜੇਕਰ ਇਸ ਨੂੰ ਖੇਤ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ 1200 ਕਿਲੋ ਜੈਵਿਕ ਮਾਦਾ,16.5 ਕਿਲੋ ਨਾਈਟ੍ਰੋਜਨ,6.9 ਕਿਲੋ ਫਾਸਫੋਰਸ,62.5 ਕਿਲੋ ਪੋਟਾਸ਼ ਅਤੇ 3.6 ਕਿਲੋ ਸਲਫ਼ਰ ਮਿੱਟੀ ਨੂੰ ਮਿਲ ਜਾਂਦੀ ਹੈ ਜਿਸ ਦੀ ਕੁਲ ਕੀਮਤ ਤਕਰੀਬਨ 16 ਹਜ਼ਾਰ ਬਣਦੀ ਹੈ। 

ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਆਰਥਿਕ ਨੁਕਸਾਨ ਦੇ ਨਾਲ ਨਾਲ ਵਾਤਾਵਰਨ ਦਾ ਵੀ ਨੁਕਸਾਨ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਸਾਲ 2023-24 ਦੌਰਾਨ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ 2022 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।  ਉਨਾਂ ਦੱਸਿਆ ਕਿ 21 ਪਿੰਡ ਅਜਿਹੇ ਹਨ ਜਿਨ੍ਹਾਂ ਵਿਚ ਅੱਗ ਲਗਣ ਦੀਆਂ ਘਟਨਾਵਾਂ ਦਰਜ ਹੋਈਆਂ ਅਤੇ ਇਹ ਪਿੰਡ ਹਾਟ ਸਪਾਟ ਪਿੰਡ ਐਲਾਨੇ ਗਏ ਹਨ । 

ਉਨਾਂ ਦੱਸਿਆ ਕਿ ਚਾਲੂ ਸਾਲ 2024-25 ਦੌਰਾਨ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਜ਼ੀਰੋ ਪੱਧਰ ਤੇ ਲਿਜਾਣ ਲਈ ਵੱਡੀ ਪੱਧਰ ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।   

ਡਾ.ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਸੀ ਆਰ ਐਮ ਸਕੀਮ ਅਧੀਨ ਵੱਖ ਵੱਖ ਮਸ਼ੀਨਾਂ ਦੀ ਸੁਚੱਜੀ ਵਰਤੋਂ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ । ਡਾ. ਨਿਸ਼ਾਨ ਸਿੰਘ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਮਿੱਟੀ ਪਾਣੀ ਪਰਖ ਦੀ ਮਹੱਤਤਾ ਅਤੇ ਖਾਦਾਂ ਦੀ ਸੁਚੱਜੀ ਵਰਤੋਂ ,ਝੋਨੇ/ਬਾਸਮਤੀ ਦੀ ਮੌਜੂਦਾ ਸਥਿਤੀ ਅਤੇ ਅੱਗੇ ਆਉਣ ਵਾਲੀਆ ਬਿਮਾਰੀਆ/ਕੀੜੇ-ਮਕੌੜਿਆ ਦੇ ਹਮਲੇ ਤੇ ਰੋਕਥਾਮ ਸੰਬੰਧੀ ਅਤੇ ਝੋਨੇ ਦਾ ਮਿਆਰੀ ਬੀਜ ਪੈਦਾ ਕਰਨ ਬਾਰੇ ਜਾਣੂ ਕਰਵਾਇਆ। ਅਗਾਂਹਵਧੂ ਕਿਸਾਨ ਸਿਮਰਨਜੀਤ ਸਿੰਘ ਨੇ ਦੱਸਿਆ ਪਿੰਡ ਵਿਚ ਜੰਗਲ ਹੋਣ ਕਾਰਨ ਜੰਗਲੀ ਜਾਨਵਰ ਫ਼ਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ ,ਜਿਨ੍ਹਾਂ ਦੀ ਰੋਕਥਾਮ ਕਰਨ ਦੀ ਜ਼ਰੂਰਤ ਹੈ।

CATEGORIES
TAGS
Share This

COMMENTS

Wordpress (0)
Disqus (0 )
Translate