ਵਿਧਾਇਕ ਉੱਗੋਕੇ ਨੇ ਵਿਧਾਨ ਸਭਾ ਵਿੱਚ ਭਾਈ ਜੈਤਾ ਜੀ ਦੇ ਜਨਮ ਦਿਹਾੜੇ ਤੇ ਗਜ਼ਟਿਡ ਛੁੱਟੀ ਦੀ ਮੰਗ ਕੀਤੀ
ਬਰਨਾਲਾ 2 ਸਤੰਬਰ। ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਲਾਭ ਸਿੰਘ ਉੱਗੋਕੇ ਨੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ਤੇ ਪੰਜ ਸਤੰਬਰ ਦੀ ਗਜ਼ਟਿਡ ਛੁੱਟੀ ਕਰਨ ਦੀ ਮੰਗ ਉਠਾਈ ਹੈ । ਉਨਾ ਮਾਣਯੋਗ ਸਪੀਕਰ ਸਰਦਾਰ ਕਲਤਾਰ ਸਿੰਘ ਸੰਧਵਾਂ ਜੀ ਦੇ ਮਾਧਿਅਮ ਰਾਹੀਂ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਸਰਕਾਰੋਂ ਪਾਸੋਂ ਮੰਗ ਕੀਤੀ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਵੱਲੋਂ 13 ਜੰਗਾਂ ਸਿੱਖ ਕੌਮ ਲਈ ਲੜੀਆਂ ਗਈਆਂ ਅਤੇ ਉੱਥੇ ਹੀ ਆਪਣੇ ਪਿਤਾ ਸਦਾ ਨੰਦ ਜੀ ਸਮੇਤ ਸਮੁੱਚਾ ਪਰਿਵਾਰ ਸਿੱਖ ਕੌਮ ਦੇ ਲੇਖੇ ਲਾਇਆ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਬੱਚਿਆਂ ਨੇ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ । ਵਿਧਾਇਕ ਲਾਭ ਸਿੰਘ ਉਗੋਕੇ ਨੇ ਇਸ ਦੇ ਨਾਲ ਹੀ ਮੰਗ ਕੀਤੀ ਕਿ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਨਾਮ ਤੇ ਇੱਕ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਕੀਤੀ ਜਾਵੇ ਅਤੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਅਧੂਰਾ ਪਿਆ ਹੈ ਉਸ ਯਾਦਗਾਰ ਨੂੰ ਵੀ ਬਾਬਾ ਜੀ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਪਹਿਲਾਂ ਪੂਰਾ ਕਰਕੇ ਸਿੱਖ ਕੌਮ ਲਈ ਅਰਪਣ ਕੀਤਾ ਜਾਵੇ । ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਸ਼ਰਧਾਲੂਆਂ ਅਤੇ ਸਿੱਖ ਕੌਮ ਦੀ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਜਲਦ ਤੋਂ ਜਲਦ ਉਪਰੋਕਤ ਮੰਗਾਂ ਪੂਰੀਆਂ ਕੀਤੀਆਂ ਜਾਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰ ਸ਼ਹੀਦ ਭਾਈ ਜੈਤਾ ਜੀ ਦੇ ਜਨਮ ਦਿਹਾੜੇ ਤੇ ਛੁੱਟੀ ਦੀ ਮੰਗ ਸਬੰਧੀ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਇੱਕ ਪੱਤਰ ਵੀ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖਿਆ ਜਾ ਚੁੱਕਿਆ ਹੈ।



