ਅਕਾਲੀ ਦਲ ਛੱਡਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਸੁਖਬੀਰ ਸਿੰਘ ਬਾਦਲ ਨੇ ਹਰਦੀਪ ਸਿੰਘ ਢਿੱਲੋਂ ਨੂੰ ਕੀਤੀ ਅਪੀਲ

ਲੰਬੀ, 27 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਗਿੱਦੜਬਾਹਾ ਹਲਕੇ ਦੇ ਸਾਬਕਾ ਇੰਚਾਰਜ ਹਰਦੀਪ ਸਿੰਘ ਢਿੱਲੋਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਛੱਡਣ ਬਾਰੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਆਪਣੀ ਰਿਹਾਇਸ਼ ’ਤੇ ਗਿੱਦੜਬਾਹਾ ਹਲਕੇ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ, ਨੇ ਕਿਹਾ ਕਿ ਇਹ ਗੱਲ ਕੋਰਾ ਝੂਠ ਤੇ ਨਿਰੀ ਅਫਵਾਹ ਹੈ ਕਿ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਗਿੱਦੜਬਾਹਾ ਹਲਕੇ ਤੋਂ ਜ਼ਿਮਨੀ ਚੋਣ ਵਿਚ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਜਾ ਰਿਹਾ ਹੈ।

ਸ.ਬਾਦਲ ਨੇ ਸਪਸ਼ਟ ਕੀਤਾ ਕਿ ਪਾਰਟੀ ਉਹਨਾਂ ਲਈ ਕੀ ਮਹੱਤਤਾ ਰੱਖਦੀ ਹੈ ਤੇ ਕਿਹਾ ਕਿ ਮੇਰੇ ਲਈ ਮੇਰੇ ਪਰਿਵਾਰ ਨਾਲੋਂ ਜ਼ਿਆਦਾ ਮੇਰੀ ਪਾਰਟੀ ਅਤੇ ਇਸਦੇ ਸਿਧਾਂਤ ਜ਼ਿਆਦਾ ਅਹਿਮੀਅਤ ਰੱਖਦੇ ਹਨ। ਉਹਨਾਂ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਹਰਦੀਪ ਸਿੰਘ ਢਿੱਲੋਂ ਪਾਰਟੀ ਉਮੀਦਵਾਰ ਹੋਣਗੇ, ਇਸ ਬਾਰੇ ਮੈਨੂੰ ਕੋਈ ਸ਼ੰਕਾ ਹੀ ਨਹੀਂ ਹੈ।

ਸ.ਬਾਦਲ ਨੈ ਕਿਹਾ ਕਿ ਜੇਕਰ ਡਿੰਪੀ ਢਿੱਲੋਂ ਕਿਸੇ ਨਾ ਕਿਸੇ ਕਾਰਣ ਪਾਰਟੀ ਤੇ ਪਾਰਟੀ ਕੇਡਰ ਤੋਂ ਆਪਣਾ ਮੂੰਹ ਮੋੜ ਲੈਂਦੇ ਹਨ ਤਾਂ ਫਿਰ ਅਕਾਲੀ ਦਲ ਅਗਲੇ 10 ਦਿਨਾਂ ਵਿਚ ਗਿੱਦੜਬਾਹਾ ਹਲਕੇ ਤੋਂ ਪਾਰਟੀ ਉਮੀਦਵਾਰ ਬਾਰੇ ਫੈਸਲਾ ਲਵੇਗਾ। ਉਹਨਾਂ ਕਿਹਾ ਕਿ ਅਸੀਂ 10 ਦਿਨਾਂ ਤੱਕ ਸਰਦਾਰ ਢਿੱਲੋਂ ਦੇ ਫੈਸਲੇ ਦੀ ਉਡੀਕ ਕਰਾਂਗੇ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪਾਰਟੀ ਦੇ ਉਮੀਦਵਾਰ ਬਾਰੇ ਫੈਸਲਾ ਹਲਕੇ ਤੋਂ ਪਾਰਟੀ ਦੇ ਵਰਕਰਾਂ ਤੇ ਆਗੂਆਂ ਨਾਲ ਰਾਇ ਮਸ਼ਵਰਾਂ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।
ਉਨਾਂ ਕਿਹਾ ਕਿ ਅਸੀਂ ਗਿੱਦੜਬਾਹਾ ਹਲਕੇ ਦੀ ਸੰਗਤ ਦੀ ਮਰਜ਼ੀ ਮੁਤਾਬਕ ਹੀ ਕੰਮ ਕਰਾਂਗੇ ਤੇ ਇਸ ਵਾਸਤੇ ਬਹੁਤ ਨਿਮਰਤਾ ਤੇ ਦ੍ਰਿੜ੍ਹਤਾ ਨਾਲ ਆਪਣੇ ਫਰਜ਼ ਨਿਭਾਉਣ ਲਈ ਵਚਨਬੱਧ ਹਾਂ।

CATEGORIES
Share This

COMMENTS

Wordpress (0)
Disqus (0 )
Translate