ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਹੋਇਆ ਵਿਸ਼ੇਸ਼ ਸਨਮਾਨ
ਚੰਡੀਗੜ੍ਹ 24 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਕਨੇਡਾ ਦੌਰੇ ਤੇ ਗਏ ਪੰਜਾਬ ਦੇ ਖੇਤੀਬਾੜੀ,ਕਿਸਾਨ ਭਲਾਈ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਉੱਥੇ ਪੁੱਜਣ ਤੇ ਨਿੱਘਾ ਸਵਾਗਤ ਹੋਇਆ। ਖੇਤੀਬਾੜੀ ਮੰਤਰੀ ਦਾ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਿਧਾਨ ਸਭਾ ਵਿੱਚ ਪਹੁੰਚਣ ਤੇ ਉਹਨਾਂ ਦਾ ਵਿਸ਼ੇਸ਼ ਮਾਨ ਸਨਮਾਨ ਕੀਤਾ ਗਿਆ। ਰਾਜਧਾਨੀ ਵਿਕਟੋਰੀਆ ਵਿੱਚ ਵਿਧਾਨ ਸਭਾ ਪੁੱਜਣ ਤੇ ਬੀਸੀ ਦੇ ਮਨਿਸਟਰ ਆਫ ਸਟੇਟ ਅਤੇ ਸਰੀ ਫਲੀਟਵੁੱਡ ਹਲਕੇ ਦੇ ਲੰਬੇ ਸਮੇਂ ਤੋਂ ਵਿਧਾਇਕ ਜਗਰੂਪ ਬਰਾੜ ਨੇ ਉਹਨਾਂ ਨੂੰ ਜੀ ਆਇਆ ਕਿਹਾ। ਜਗਰੂਪ ਬਰਾੜ ਵੱਲੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਨੂੰ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਤੇ ਉਹਨਾਂ ਦੇ ਨਾਲ ਆਏ ਸਾਥੀਆਂ ਨੂੰ ਵਿਧਾਨ ਸਭਾ ਦਾ ਟੂਰ ਕਰਵਾਉਂਦਿਆਂ ਉਥੋਂ ਦੀ ਸਰਕਾਰ ਦੇ ਕੰਮਕਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਜਗਰੂਪ ਬਰਾੜ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ ਦਰਮਿਆਨ ਆਪਸੀ ਵਪਾਰ ਅਤੇ ਸਹਿਯੋਗ ਵਧਾਉਣ ਦੀ ਇੱਛਾ ਵੀ ਜਾਹਿਰ ਕੀਤੀ। ਇਸ ਮੌਕੇ ਤੇ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੱਲੋਂ ਗੁਰਮੀਤ ਸਿੰਘ ਖੁਡੀਆਂ ਨੂੰ ਖਾਣੇ ਲਈ ਦਾਅਵਤ ਵੀ ਦਿੱਤੀ ਗਈ। ਇਸ ਮੌਕੇ ਤੇ ਅਮੀਤ ਸਿੰਘ ਟਿਮਾਂ ਖੁੱਡੀਆਂ, ਹਰਮੀਤ ਸਿੰਘ ਖੁੱਡੀਆਂ ਉੱਗੇ ਬਿਜ਼ਨਸਮੈਨ, ਬਲਜਿੰਦਰ ਸਿੰਘ ਸੰਘਾ,ਸਿਕੰਦਰ ਸਿੰਘ ਕੰਗ, ਮਨਜੀਤ ਸਿੰਘ ਮਾਂਗਟ ਤੇ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।