ਸਿਹਤ ਮੰਤਰੀ ਨੇ ਏਮਜ਼ ਮੋਹਾਲੀ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ
ਲੋਕਾਂ ਨੂੰ ਅਜਿਹੇ ਉਪਰਾਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਹਰਿਆ-ਭਰਿਆ ਅਤੇ ਸਿਹਤਮੰਦ ਪੰਜਾਬ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ
ਐਸ.ਏ.ਐਸ.ਨਗਰ, 22 ਅਗਸਤ
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਹਰਿਆ-ਭਰਿਆ ਅਤੇ ਸਿਹਤਮੰਦ ਸੂਬਾ ਬਣਾਉਣ ਦੀ ਵਚਨਬੱਧਤਾ ਦੇ ਤਹਿਤ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਡਾ. ਬੀ.ਆਰ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਮੋਹਾਲੀ, ਐਸ.ਏ.ਐਸ.ਨਗਰ, ਵਿਖੇ ਅੱਜ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਹਰਸ਼ਿੰਗਰ (ਰਾਤਰੀ-ਫੁੱਲਾਂ ਵਾਲੀ ਜੈਸਮੀਨ) ਅਤੇ ਨਿੰਮ ਦੇ ਬੂਟੇ, ਜਿਨ੍ਹਾਂ ਨੂੰ ਉਨ੍ਹਾਂ ਦੇ ਚਿਕਿਤਸਕ ਗੁਣਾਂ ਅਤੇ ਵਾਤਾਵਰਣ ਲਾਭਾਂ ਲਈ ਜਾਣਿਆ ਜਾਂਦਾ ਹੈ, ਲਾਉਣ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਵਾਤਾਵਰਣ ਦੀ ਸਥਿਰਤਾ ਵਿੱਚ ਯੋਗਦਾਨ ਪਾਉਣਾ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦਰੱਖਤ ਨਾ ਸਿਰਫ਼ ਕਿਸੇ ਵੀ ਖੇਤਰ ਦੇ ਸੁਹਜਾਤਮਕ ਮੁੱਲ ਨੂੰ ਵਧਾਉਂਦੇ ਹਨ ਬਲਕਿ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਅਤੇ ਜੈਵਿਕ ਵਿਭਿੰਨਤਾ ਨੂੰ ਹੁਲਾਰਾ ਦੇਣ ਵਿੱਚ ਵੀ ਸਹਾਈ ਹੁੰਦੇ ਹਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਰੁੱਖ ਲਗਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਉਪਰਾਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਹਰਿਆ-ਭਰਿਆ ਅਤੇ ਸਿਹਤਮੰਦ ਪੰਜਾਬ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ।
ਇਸ ਸਮਾਗਮ ਵਿੱਚ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੋਹਾਲੀ ਅਤੇ ਜ਼ਿਲ੍ਹਾ ਹਸਪਤਾਲ ਮੋਹਾਲੀ ਦੇ ਸਟਾਫ਼ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ, ਜਿਨ੍ਹਾਂ ਇਸ ਮੌਕੇ ਨੂੰ ਸ਼ਾਨਦਾਰ ਅਤੇ ਸਫ਼ਲ ਬਣਾਇਆ ਗਿਆ। ਡਾਇਰੈਕਟਰ-ਪ੍ਰਿੰਸੀਪਲ ਭਵਨੀਤ ਭਾਰਤੀ ਨੇ ਕਿਹਾ ਕਿ ਪੌਦੇ ਲਗਾਉਣ ਦੀ ਮੁਹਿੰਮ ਜ਼ਿਲ੍ਹੇ ਭਰ ਵਿੱਚ ਹਰਿਆਲੀ ਨੂੰ ਵਧਾਉਣ ਲਈ ਜਾਰੀ ਵਿਆਪਕ ਵਾਤਾਵਰਣ ਮੁਹਿੰਮ ਦਾ ਹਿੱਸਾ ਹੈ।