ਸੁਖਬੀਰ ਬਾਦਲ ਨੇ ਕੀਤੀ ਮੰਗ,ਵਿਧਾਨ ਸਭਾ ਸੈਸ਼ਨ ਇੱਕ ਮਹੀਨੇ ਲਈ ਵਧਾਇਆ ਜਾਵੇ
ਕਿਹਾ ਕਿ ਬਾਗੀ ਅਕਾਲੀ ਨਾਗਪੁਰ ਤੋਂ ਲੈ ਰਹੇ ਹਨ ਨਿਰਦੇਸ਼
ਗਿੱਦੜਬਾਹਾ 21 ਅਗਸਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਦੇ ਆਉਂਦੇ ਮੌਨਸੂਨ ਇਜਲਾਸ ਨੂੰ ਤਿੰਨ ਰੋਜ਼ਾ ਸੈਸ਼ਨ ਤੋਂ ਵਧਾ ਕੇ ਇਕ ਮਹੀਨੇ ਦਾ ਕੀਤਾ ਜਾਵੇ ਤਾਂ ਜੋ ਆਮ ਆਦਮੀ ਪਾਰਟੀ (ਆਪ) ਵੱਲੋਂ ਸੂਬੇ ਦੇ ਦਰਿਆਈ ਪਾਣੀਆਂ ਅਤੇ ਰਾਜਧਾਨੀ ਚੰਡੀਗੜ੍ਹ ’ਤੇ ਇਸਦੇ ਹੱਕ ਨੂੰ ਕਮਜ਼ੋਰ ਕਰਨ ਸਮੇਤ ਪੰਜਾਬ ਦੇ ਭੱਖਦੇ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਇਹ ਵੀ ਚਾਹੁੰਦੇ ਹਨ ਕਿ ਆਪ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲਏ 85 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਸਮੇਤ ਸੂਬੇ ਸਿਰ ਨਿੱਤ ਵੱਧ ਰਹੇ ਕਰਜ਼ੇ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਆਪ ਸਰਕਾਰ ਬੇਸ਼ਕੀਮਤੀ ਸਰੋਤਾਂ ਨੂੰ ਇਸ਼ਤਿਹਾਰਬਾਜੀ ਅਤੇ ਪ੍ਰਾਪੇਗੰਡਾ ਕਾਰਵਾਈਆਂ ’ਤੇ ਬਰਬਾਦ ਕਰ ਰਹੀ ਹੈ ਜਿਸਦੇ ਨਤੀਜੇ ਵਜੋਂ ਪੰਜਾਬ ਦਾ ਅਰਥਚਾਰਾ ਤਬਾਹ ਹੋ ਗਿਆ ਹੈ ਤੇ ਵਿਕਾਸ ਕਾਰਜ ਮੁਕੰਮਲ ਤੌਰ ’ਤੇ ਠੱਪ ਹੋ ਗਏ ਹਨ।
ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਪੰਜਾਬ ਵਿਚ ਕੋਈ ਨਵਾਂ ਨਿਵੇਸ਼ ਵੀ ਨਹੀਂ ਆ ਰਿਹਾ ਤੇ ਘਰੇਲੂ ਉਦਮੀਆਂ ਨੇ ਪਿਛਲੇ ਸਮੇਂ ਦੌਰਾਨ 22000 ਕਰੋੜ ਰੁਪਏ ਦਾ ਨਿਵੇਸ਼ ਗੁਆਂਢੀ ਰਾਜਾਂ ਵਿਚ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਸਰਕਾਰ ਨੇ ਕਿਸਾਨਾਂ ਤੋਂ ਵਾਜਬ ਕੀਮਤਾਂ ’ਤੇ ਜ਼ਮੀਨ ਐਕਵਾਇਰ ਕਰਨ ਵਿਚ ਨਾਕਾਮ ਰਹਿ ਕੇ ਪੰਜਾਬੀਆਂ ਨੂੰ ਨਾਕਾਮ ਕੀਤਾ ਹੈ, ਉਸਦੇ ਨਤੀਜੇ ਵਜੋਂ 3263 ਕਰੋੜ ਰੁਪਏ ਦੇ ਤਿੰਨ ਐਨ ਐਚ ਏ ਆਈ ਪ੍ਰਾਜੈਕਟ ਰੱਦ ਹੋ ਗਏ ਹਨ ਅਤੇ 14288 ਕਰੋੜ ਰੁਪਏ ਦੇ ਪ੍ਰਾਜੈਕਟ ਹੋਰ ਰੱਦ ਹੋਣ ਦੇ ਰਾਹ ਪਏ ਹਨ। ਉਹਨਾਂ ਕਿਹਾ ਕਿ ਸਪਸ਼ਟ ਤੌਰ ’ਤੇ ਇਹ ਕੁਪ੍ਰਬੰਧਨ ਦਾ ਮਾਮਲਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਸੰਵਿਧਾਨਕ ਫਰਜ਼ ਨਿਭਾਉਣ ਵਿਚ ਨਾਕਾਮ ਕਿਉਂ ਸਾਬਤ ਹੋ ਰਹੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਵਿਧਾਇਕ ਵੀ ਨਸ਼ਾ ਤਸਕਰੀ ਨੂੰ ਹੱਲ ਕਰਨ ਵਿਚ ਮੁੱਖ ਮੰਤਰੀ ਦੀ ਨਾਕਾਮੀ ’ਤੇ ਚਰਚਾ ਕਰਨੀ ਚਾਹੁੰਦੇ ਹਨ ਕਿਉਂਕਿ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਨਸ਼ਾ ਚਾਰ ਹਫਤਿਆਂ ਵਿਚ ਖਤਮ ਹੋ ਜਾਵੇਗਾ, ਫਿਰ ਤਿੰਨ ਮਹੀਨੇ ਤੇ ਫਿਰ ਨਸ਼ਾ ਖਤਮ ਕਰਨ ਲਈ ਇਕ ਸਾਲ ਦੀ ਮਿਆਦ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਵਿਧਾਇਕ ਆਪੋ ਆਪਣੇ ਹਲਕੇ ਦੇ ਮਸਲੇ ਵੀ ਚੁੱਕਣਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਇਸ ਵਾਸਤੇ ਢੁਕਵਾਂ ਸਮਾਂ ਦਿੱਤਾ ਜਾਣਾ ਚਾਹੀਦਾ ਹੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਮੰਗ ਕੀਤੀ ਸੀ ਕਿ ਵਿਧਾਨ ਸਭਾ ਸੈਸ਼ਨ ਸਾਲਾਨਾ ਘੱਟੋ ਘੱਟ ਇਕ ਸਾਲ ਦਾ ਹੋਣਾ ਚਾਹੀਦਾ ਹੈ ਤੇ ਹੁਣ ਉਹ ਹਰ ਵਾਰ ਸਿਰਫ ਕੁਝ ਗਿਣਵੇਂ ਦਿਨਾਂ ਦਾ ਸੈਸ਼ਨ ਸੱਦ ਰਹੇ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਫਿਲਮੀ ਅਦਾਕਾਰਾ ਕਮ ਭਾਜਪਾ ਦੀ ਐਮ ਪੀ ਕੰਗਣਾ ਰਣੌਤ ਵੱਲੋਂ ਫਿਲਮ ’ਐਮਰਜੰਸੀ’ ਵਿਚ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਸਦੇ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਹ ਜਾਣ ਬੁੱਝ ਕੇ ਦੇਸ਼ ਭਗਤ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾ ਰਹੀ ਹੈ ਤਾਂ ਜੋ ਦੇਸ਼ ਵਿਚ ਫਿਰਕੂ ਸਦਭਾਵਨਾ ਦਾ ਮਾਹੌਲ ਖਰਾਬ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਉਸਦੀ ਪੂਰੀ ਮਦਦ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਪੱਛਮੀ ਬੰਗਾਲ ਵਿਚ ਮੈਡੀਕਲ ਵਿਦਿਆਰਥਣ ਨਾਲ ਜ਼ਬਰ ਜਨਾਹ ਮਗਰੋਂ ਉਸਦਾ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਢੁਕਵੀਂ ਕਾਰਵਾਈ ਕੀਤੀ ਜਾਵੇ।
ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਾਗੀ ਅਕਾਲੀ ਨਾਗਪੁਰ ਤੋਂ ਆਰ ਐਸ ਐਸ ਅਤੇ ਦਿੱਲੀ ਤੋਂ ਭਾਜਪਾ ਹਾਈ ਕਮਾਂਡ ਤੋਂ ਹੁਕਮ ਲੈ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਦਾ ਇਕਲੌਤਾ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਇਹਨਾਂ ਨੂੰ ਪੰਜਾਬ ਵਿਚ ਕੋਈ ਵੇਖ ਕੇ ਰਾਜ਼ੀ ਨਹੀਂ ਹੈ।