ਆਜਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਵਧਾਈ ਸੁਰੱਖਿਆ,ਨਸ਼ੀਲੇ ਪਦਾਰਥਾਂ ਤੇ ਸ਼ਰਾਬ ਦੀ ਤਸਕਰੀ ਰੋਕਣ ਲਈ 10 ਸਰਹੱਦੀ ਜ਼ਿਲ੍ਹਿਆਂ ਦੇ 91 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ


ਅਪ੍ਰੇਸ਼ਨ ਦੌਰਾਨ ਪਟਿਆਲਾ ਪੁਲਿਸ ਨੇ ਖੇਪ ਪਹੁੰਚਾਉਣ ਜਾ ਰਹੇ ਰਾਜਸਥਾਨ-ਅਧਾਰਤ ਹਥਿਆਰ ਤਸਕਰ ਨੂੰ ਕੀਤਾ ਕਾਬੂ ; ਚਾਰ ਪਿਸਤੌਲ ਬਰਾਮਦ

– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਸੁਤੰਤਰਤਾ ਦਿਵਸ ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ

– ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 14 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਉਪਰੰਤ 14 ਐਫਆਈਆਰ ਕੀਤੀਆਂ ਦਰਜ ; 431 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ

– ਪੁਲਿਸ ਟੀਮਾਂ ਨੇ 3668 ਵਾਹਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿੱਚੋਂ 139 ਦੇ ਕੀਤੇ ਚਲਾਨ ਅਤੇ 12 ਵਾਹਨ ਜ਼ਬਤ

– ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਦੀਆਂ ਗ਼ੈਰ-ਮਾਨਵੀ ਹਰਕਤਾਂ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਨਸ਼ਿਆਂ ਅਤੇ ਸ਼ਰਾਬ ਦੀ ਤਸਕਰੀ ’ਤੇ ਬਾਜ਼ ਅੱਖ ਰੱਖਣਾ ਹੈ ਆਪ੍ਰੇਸ਼ਨ ਦਾ ਉਦੇਸ਼  : ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ

ਚੰਡੀਗੜ੍ਹ, 4 ਅਗਸਤ
। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਅਗਾਮੀ ਸੁਤੰਤਰਤਾ ਦਿਵਸ-2024 ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਆਪ੍ਰੇਸ਼ਨ ‘ ਅਪ੍ਰੇਸ਼ਨ ਸੀਲ-7’ ਚਲਾਇਆ ਗਿਆ, ਜਿਸ ਦਾ ਉਦੇਸ਼ ਸਰਹੱਦੀ ਸੂਬੇ ਪੰਜਾਬ ਦੀ ਹਦੂਦ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕਰਨਾ ਹੈ।  

 ਇਹ ਅਪੇ੍ਰਸ਼ਨ ਪੁਲਿਸ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਚਲਾਇਆ ਗਿਆ , ਜਿਸਦਾ ਉਦੇਸ਼ ਨਸ਼ਾ ਤਸਕਰਾਂ/ਸ਼ਰਾਬ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਦੀਆਂ ਹਰਕਤਾਂ ’ਤੇ ਬਾਜ਼ ਅੱਖ ਰੱਖਣਾ ਸੀ ।

  ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਰਹੱਦੀ ਜ਼ਿਲਿ੍ਹਆਂ ਦੇ ਸਾਰੇ ਐਸਐਸਪੀਜ਼ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਰਹੱਦੀ ਜ਼ਿਲਿ੍ਹਆਂ ਦੀਆਂ ਰਣਨੀਤਕ ਥਾਵਾਂ ’ਤੇ ਸਾਂਝੇ ਨਾਕੇ ਲਗਾ ਕੇ ਅਭਿਆਨ ਨੂੰ ਸਫਲ ਬਣਾਉਣ ਅਤੇ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ  ਗਜ਼ਟਿਡ ਅਧਿਕਾਰੀਆਂ/ਐਸ.ਐਚ.ਓਜ਼.
ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟਾਂ ’ਤੇ ਪੁਲਿਸ ਕਰਮੀਆਂ ਦੀ ਵੱਧ ਤੋਂ ਵੱਧ ਨਫ਼ਰੀ ਜੁਟਾ ਕੇ ਮਜ਼ਬੂਤ ’ਨਾਕੇ’ ਲਗਾਏ ਜਾਣ।

  ਉਨ੍ਹਾਂ ਕਿਹਾ ਕਿ 10 ਜ਼ਿਲਿ੍ਹਆਂ ਦੇ ਲਗਭਗ 91 ਐਂਟਰੀ/ਐਗਜ਼ਿਟ ਪੁਆਇੰਟਾਂ, ਜੋ ਕਿ ਚਾਰ ਸਰਹੱਦੀ ਰਾਜਾਂ ਅਤੇ ਯੂ.ਟੀ. ਚੰਡੀਗੜ੍ਹ ਨਾਲ ਲੱਗਦੇ ਹਨ, ’ਤੇ ਇੰਸਪੈਕਟਰਾਂ/ਡੀ.ਐਸ.ਪੀ ਦੀ ਨਿਗਰਾਨੀ ਹੇਠ 1100 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ  ਨਾਲ ਲੈਸ ਮਜ਼ਬੂਤ ਨਾਕੇ ਲਗਾਏ ਗਏ ਸਨ । 10 ਅੰਤਰ-ਰਾਜੀ ਸਰਹੱਦੀ ਜ਼ਿਲਿ੍ਹਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸ.ਏ.ਐਸ. ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਸ ਅਪ੍ਰੇਸ਼ਨ ਦੌਰਾਨ ਸ਼ੱਕੀ ਵਾਹਨਾਂ/ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਆਮ ਲੋਕਾਂ ਦੀ ਘੱਟੋ-ਘੱਟ ਅਸੁਵਿਧਾਵਾਂ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਜਾਂਚ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ‘ਵਾਹਨ’ ਮੋਬਾਈਲ ਐਪ ਦੀ ਵਰਤੋਂ ਕਰਕੇ ਉਨ੍ਹਾਂ ਦੇ ਰਜਿਸਟਰੇਸ਼ਨ ਨੰਬਰਾਂ ਦੀ ਵੀ ਪੁਸ਼ਟੀ ਕੀਤੀ ।
ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਸੂਬੇ ਵਿੱਚ ਦਾਖਲ/ਬਾਹਰ ਜਾਣ ਵਾਲੇ 3668 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 139 ਦੇ ਚਲਾਨ ਕੀਤੇ ਗਏ ਅਤੇ 12 ਨੂੰ ਜ਼ਬਤ ਕੀਤਾ ਗਿਆ। ਪੁਲਿਸ ਨੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 14 ਐਫਆਈਆਰ ਦਰਜ ਕੀਤੀਆਂ। ਇਸ ਦੌਰਾਨ ਪੁਲਿਸ ਟੀਮਾਂ ਨੇ 431 ਸ਼ੱਕੀ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਵੀ ਲਿਆ ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਟਿਆਲਾ ਪੁਲਿਸ ਨੇ ਵੱਡੀ ਸਫ਼ਲਤਾ ਦਰਜ ਕਰਦਿਆਂ ਹਥਿਆਰਾਂ ਦੀ ਖੇਪ ਦੀ ਡਿਲਿਵਰੀ ਕਰਨ ਜਾ ਰਹੇ ਹਥਿਆਰਾਂ ਦੇ ਤਸਕਰ ਤਰੁਣ, ਜੋ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਦਾ ਰਹਿਣ ਵਾਲਾ ਹੈ, ਨੂੰ ਕਾਬੂ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਸ ਕੋਲੋਂ   .32 ਬੋਰ ਦੇ 4 ਪਿਸਤੌਲਾਂ ਸਮੇਤ ਮੈਗਜ਼ੀਨ ਬਰਾਮਦ ਕੀਤੇ ਹਨ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅਜਿਹੇ ਆਪ੍ਰੇਸ਼ਨ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਖ਼ੌਫ਼ ਪੈਦਾ ਕਰਨ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਮਦਦਗਾਰ ਹੁੰਦੇ ਹਨ।

CATEGORIES
Share This

COMMENTS

Wordpress (0)
Disqus (0 )
Translate