ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ
ਸਬਸਿਡੀ ਵਾਲੀ ਖੇਤੀ ਮਸ਼ੀਨਰੀ ਲਈ ਡਰਾਅ ਕੱਢੇ
ਫਾਜ਼ਿਲਕਾ 23 ਜੁਲਾਈ
ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਜ਼ਿਲ੍ਹਾ ਫਾਜ਼ਿਲਕਾ ‘ਚ ਨਿੱਜੀ ਕਿਸਾਨਾਂ, ਸਹਿਕਾਰੀ ਸਭਾਵਾਂ, ਰਜਿਸਟਰਡ ਕਿਸਾਨ ਗਰੁੱਪਾਂ,ਐਫ.ਪੀ.ਓ ਆਦਿ ਵਲੋਂ ਸਬਸਿਡੀ ਤੇ ਖੇਤੀ ਸੰਦ ਉਤਪਾਦ ਲੈਣ ਲਈ ਆਪਣੇ ਬਿਨੈਪੱਤਰ ਆਨ ਲਾਈਨ ਪੋਰਟਲ ਤੇ ਮਿਤੀ 20 ਜੂਨ 2024 ਤੱਕ ਅਪਲਾਈ ਕੀਤੇ ਗਏ ਸਨ ਅਤੇ ਜਿਨ੍ਹਾਂ ਕਿਸਾਨਾਂ ਵੱਲੋਂ 5 ਹਜ਼ਾਰ ਰੁਪਏ ਟੋਕਨ ਮਨੀ ਜਮ੍ਹਾ ਕਰਵਾਈ ਗਈ ਸੀ ਉਨ੍ਹਾਂ ਲਾਭਪਾਤਰੀਆਂ ਨੂੰ ਇਸ ਵਿੱਚ ਵਿਚਾਰਿਆ ਗਿਆ ਹੈ। ਇਨ੍ਹਾਂ ਕਿਸਾਨਾਂ ਅਤੇ ਗਰੁੱਪਾਂ ਨੂੰ ਖੇਤੀ ਮਸ਼ੀਨਰੀ ਉਤਪਾਦ ਸਬਸਿਡੀ ਤੇ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਰੈਂਡੇਮਾਈਜੇਸ਼ਨ ਸਿਸਟਮ ਰਾਹੀਂ ਡਰਾਅ ਕੱਢੇ ਗਏ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਕੱਢੇ ਗਏ ਡਰਾਅ ਅਨੁਸਾਰ ਸੀ.ਆਰ.ਐਮ ਸਕੀਮ ਤਹਿਤ ਜ਼ਿਲ੍ਹੇ ਦੇ 296 ਜਨਰਲ ਕਿਸਾਨਾਂ, 140 ਐਸ ਸੀ ਕਿਸਾਨਾਂ ਅਤੇ 24 ਜਨਰਲ ਕਸਟਮ ਹਾਈਰਿੰਗ ਸੈਂਟਰਾਂ, 11 ਐਸ ਸੀ ਕਸਟਮ ਹਾਇਰਿੰਗ ਸੈਂਟਰਾਂ ਨੂੰ ਕਰੀਬ 13 ਕਰੋੜ 56.13 ਲੱਖ ਰੁਪਏ ਦੀ ਮਸ਼ੀਨਰੀ ਖਰੀਦਣ ਤੇ ਵਿਭਾਗ ਵਲੋਂ ਸਬਸਿਡੀ ਜਾਰੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਕਿਸਾਨਾਂ ਲਈ ਵਾਤਾਵਰਨ ਪੱਖੀ ਖੇਤੀਬਾੜੀ ਲਈ, ਫਸਲਾਂ ਦੀ ਰਹਿੰਦ-ਖੁਹੰਦ ਨੂੰ ਖੇਤ ਵਿੱਚ ਹੀ ਗਾਲਣ ਅਤੇ ਆਧੁਨਿਕ ਖੇਤੀਬਾੜੀ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।
ਜ਼ਿਲ੍ਹਾ ਖੇਤੀਬਾੜੀ ਇੰਜੀ. ਕਮਲ ਗੋਇਲ ਨੇ ਦੱਸਿਆ ਕਿ ਨਿੱਜੀ ਕਿਸਾਨਾਂ ਦੀ ਕੈਟਾਗਰੀ ਵਿੱਚ ਡਰਾਅ ਵਿੱਚ ਸਫ਼ਲ ਰਹੇ 387 ਕਿਸਾਨਾਂ ਨੂੰ ਕਰੀਬ 527.13 ਕਰੋੜ ਰੁਪਏ ਦੇ ਖੇਤੀ ਸੰਦ ਉਤਪਾਦ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ । ਇਸ ਤੋਂ ਇਲਾਵਾ 35 ਕਸਟਮ ਹਾਈਰਿੰਗ ਸੈਂਟਰਾਂ ਨੂੰ 8 ਕਰੋੜ 29 ਲੱਖ ਰੁਪਏ ਦੇ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆਂ ਕਰਵਾਏ ਜਾਣਗੇ।
ਇਹ ਡਰਾਅ ਸੀ.ਆਰ.ਐਮ ਸਕੀਮ ਸਾਲ 2024-25 ਵਿੱਚ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ,ਆਰ.ਐਮ.ਬੀ ਪਲਾਓ,ਜ਼ੀਰੋ ਟਿਲ ਡਰਿੱਲ, ਪੈਡੀ ਸਟਰਾਅ ਚੌਪਰ,ਸ਼ਰੱਬ ਮਾਸਟਰ, ਸੁਪਰ ਐਸ.ਐਮ.ਐਸ, ਬੇਲਰ, ਰੇਕ ਅਤੇ ਕਰਾਪ ਰੀਪਰ, ਸਰਫੇਸ ਸੀਡਰ ਅਤੇ ਟਰੈਕਟਰ ਆਦਿ ਮਸ਼ੀਨਾਂ ਦੇ ਕੱਢੇ ਗਏ ਤਾਂ ਜੋ ਕਿਸਾਨ ਸੀ.ਆਰ.ਐਮ ਸਕੀਮ ਤਹਿਤ ਪਰਾਲੀ ਦਾ ਯੌਗ ਪ੍ਰਬੰਧਨ ਕਰ ਸਕਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਰਿਣਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ ਸੀਟੂ ਸਕੀਮ ਅਧੀਨ ਪਰਾਲੀ ਦੇ ਯੋਗ ਪ੍ਰਬੰਧਨ ਕਰਨ ਵਾਲੀ ਖੇਤੀ ਮਸ਼ੀਨਰੀ ਸਬਸਿਡੀ ’ਤੇ ਮੁਹੱਈਆ ਕਰਵਾਉਣ ਦੇ ਮਿਥੇ ਟੀਚੇ ਤਹਿਤ ਅੱਜ ਡਰਾਅ ਕੱਢਿਆ ਗਿਆ ਹੈ ਜਿਸ ਤਹਿਤ 387 ਨਿੱਜੀ ਕਿਸਾਨਾਂ ਤੇ 35 ਕਸਟਮਰ ਹਾਈਰਿੰਗ ਸੈਂਟਰ ਡਰਾਅ ਕੱਢੇ ਗਏ ਹਨ ਤੇ ਚੁਣੇ ਗਏ ਲਾਭਪਾਤਰੀਆ ਦੇ ਜ਼ਰੂਰੀ ਦਸਤਾਵੇਜ ਚੈੱਕ ਕਰਨ ਉਪਰੰਤ ਮਨਜੂਰੀ ਪੱਤਰ ਵਿਭਾਗ ਦੇ ਪੋਰਟਲ ਤੇ 2 ਦਿਨਾਂ ਤੱਕ ਜਾਰੀ ਕੀਤੇ ਜਾਣਗੇ। ਕਿਸਾਨ ਇਸ ਡਰਾਅ ਦਾ ਨਤੀਜਾ ਆਨਲਾਈਨ ਪੋਰਟਲ agrimachinerypb.com ਮੁੱਖ ਖੇਤੀਬਾੜੀ ਦਫ਼ਤਰ ਅਤੇ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਦੇਖ ਸਕਦੇ ਹਨ।



