ਸਾਵਧਾਨ! 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਚਲਾਇਆ ਵਾਹਨ ਤਾਂ ਮਾਪਿਆਂ ਤੇ ਹੋਵੇਗੀ ਕਾਰਵਾਈ
ਚੰਡੀਗੜ 21 ਜੁਲਾਈ
ਆਮ ਤੌਰ ਤੇ ਇਹ ਵੇਖਣ ਵਿੱਚ ਆਇਆ ਹੈ ਕਿ ਛੋਟੇ ਛੋਟੇ ਬੱਚੇ ਸੜਕਾਂ ਉੱਪਰ ਦੁਪਹੀਆ ਵਾਹਨਾਂ ਦੇ ਨਾਲ ਨਾਲ ਕਾਰਾਂ ਵੀ ਚਲਾਉਂਦੇ ਫਿਰਦੇ ਹਨ। ਪਰ ਹੁਣ 31 ਜੁਲਾਈ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। ਜੇਕਰ ਕੋਈ ਅਜਿਹੀ ਗਲਤੀ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਕ ਅਗਸਤ 2024 ਤੋਂ ਜੇਕਰ 18 ਸਾਲ ਦੀ ਉਮਰ ਤੋਂ ਘੱਟ ਦਾ ਕੋਈ ਵੀ ਬੱਚਾ ਦੁਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਉਸਦੇ ਮਾਪਿਆਂ ਖਿਲਾਫ ਕਾਰਵਾਈ ਹੋਵੇਗੀ।
ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਟਰੈਫਿਕ ਅਤੇ ਸੜਕ ਸੁਰੱਖਿਆ ਵੱਲੋਂ ਸੂਬੇ ਦੇ ਐਸਐਸਪੀ ਅਤੇ ਸਾਰੇ ਕਮਿਸ਼ਨਰ ਆਫ ਪੁਲਿਸ ਨੂੰ ਭੇਜੇ ਪੱਤਰ ਵਿੱਚ ਇਸ ਸਬੰਧੀ ਸਖਤ ਨਿਰਦੇਸ਼ ਦਿੱਤੇ ਗਏ ਹਨ।
ਪੱਤਰ ਅਨੁਸਾਰ ਇਕ ਜੁਲਾਈ ਤੋਂ 31 ਜੁਲਾਈ ਤੱਕ ਮੋਟਰ ਵਹੀਕਲ ਐਕਟ ਸੋਧ 2019 ਦੀ ਧਾਰਾ 199ਏ ਅਤੇ 199ਬੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਨਾਬਾਲਗ ਬੱਚਾ 31 ਜੁਲਾਈ ਤੋਂ ਬਾਅਦ ਦੋ ਪਹੀਆ ਅਤੇ ਚਾਰ ਪਹੀਆ ਵਹੀਕਲ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਕਿਸੇ ਦਾ ਵਾਹਨ ਮੰਗ ਕੇ ਚਲਾਵੇਗਾ ਤਾਂ ਉਸ ਵਹੀਕਲ ਮਾਲਕ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜੇਕਰ ਕੋਈ ਵੀ ਇਸ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਕਾਰਵਾਈ ਵਿੱਚ ਤਿੰਨ ਸਾਲ ਦੀ ਕੈਦ ਅਤੇ 25 ਹਜਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਹੁਣ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਜੇਕਰ ਕਿਤੇ ਵੀ ਪੁਲਿਸ ਨੂੰ ਦੋ ਪਹੀਆ ਜਾਂ ਚਾਰ ਪਹੀਆ ਵਹੀਕਲ ਚਲਾਉਂਦਾ ਮਿਲ ਗਿਆ ਤਾਂ ਉਨਾਂ ਦੇ ਮਾਪਿਆਂ ਖਿਲਾਫ ਕਾਰਵਾਈ ਹੋਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ 1 ਅਗਸਤ 2024 ਤੋਂ ਕੀ ਛੋਟੇ ਬੱਚੇ ਵਾਨ ਚਲਾਉਂਦੇ ਨਜ਼ਰ ਆਉਣਗੇ ਜਾਂ ਨਹੀਂ।



