ਪਾਣੀ ਦੀ ਵਾਰੀ ਲਾ ਰਹੇ ਪਿਓ ਪੁੱਤ ਦਾ ਖੇਤ ਵਿੱਚ ਗੋਲੀਆਂ ਮਾਰ ਕੇ ਬੇ-ਰਹਿਮੀ ਨਾਲ ਕਤਲ

ਫ਼ਾਜ਼ਿਲਕਾ 19 ਜੁਲਾਈ। ਫ਼ਾਜ਼ਿਲਕਾ ਜਿਲੇ ਦੇ ਪਿੰਡ ਪਾਕਾਂ ਵਿੱਚ ਪਾਣੀ ਦੀ ਵਾਰੀ ਲਾ ਰਹੇ ਪਿਓ ਪੁੱਤ ਦਾ ਗੋਲੀਆਂ ਤੇ ਕਹੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਰਤਕ ਪਿਓ ਪੁੱਤ ਅਤੇ ਹਮਲਾ ਕਰਨ ਵਾਲੇ ਇੱਕੋ ਪਿੰਡ ਦੇ ਵਾਸੀ ਹਨ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਨੇ ਪਿੰਡ ਵਿੱਚ ਜਮੀਨ ਠੇਕੇ ਦੇ ਲਈ ਹੋਈ ਸੀ। ਜਿਹੜੀ ਜਮੀਨ ਅਵਤਾਰ ਸਿੰਘ ਨੇ ਠੇਕੇ ਤੇ ਲਈ ਸੀ ਉਹ ਜਮੀਨ ਪਹਿਲਾਂ ਬਲਵਿੰਦਰ ਸਿੰਘ ਰਘਵੀਰ ਸਿੰਘ ਬਲਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਾਕਾਂ ਇਨਾਂ ਕੋਲ ਹੁੰਦੀ ਸੀ। ਜਦੋਂ ਅਵਤਾਰ ਸਿੰਘ ਨੇ ਇਹ ਜ਼ਮੀਨ ਠੇਕੇ ਤੇ ਲਈ ਤਾਂ ਦੂਜੀ ਧਿਰ ਇਹਨਾਂ ਨਾਲ ਖਾਰ ਖਾਣ ਲੱਗ ਗਈ ਸੀ। 18 ਜੁਲਾਈ ਨੂੰ ਅਵਤਾਰ ਸਿੰਘ ਆਪਣੇ ਪੁੱਤਰ ਹਰਮੀਤ ਸਿੰਘ ਨਾਲ ਠੇਕੇ ਤੇ ਲਈ ਜਮੀਨ ਵਿੱਚ ਪਾਣੀ ਦੀ ਵਾਰੀ ਲਾ ਰਿਹਾ ਸੀ। ਇਸ ਦੌਰਾਨ ਬਲਵਿੰਦਰ ਸਿੰਘ ਹੋਰਾਂ ਨੇ ਆ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੇ ਪਹਿਲਾਂ ਹਰਮੀਤ ਸਿੰਘ ਤੇ ਬਾਅਦ ਵਿੱਚ ਉਸ ਦੇ ਪਿਤਾ ਅਵਤਾਰ ਸਿੰਘ ਦੇ ਗੋਲੀਆਂ ਮਾਰ ਦਿੱਤੀਆਂ ਤੇ ਬਾਅਦ ਵਿੱਚ ਕਹੀਆਂ ਨਾਲ ਵਾਰ ਕਰਕੇ ਉਹਨਾਂ ਨੂੰ ਮੌਕੇ ਤੇ ਹੀ ਮਾਰ ਦਿੱਤਾ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ ਤੇ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ। ਦੱਸਣ ਯੋਗ ਹੈ ਕਿ ਮ੍ਰਿਤਕ ਹਰਮੀਤ ਸਿੰਘ ਦੇ ਘਰ ਕੁਝ ਦਿਨ ਪਹਿਲਾਂ ਹੀ ਬੇਟੇ ਦਾ ਜਨਮ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲੇ ਚਾਹੁੰਦੇ ਸਨ ਕਿ ਜਿਹੜੀ ਜਮੀਨ ਅਵਤਾਰ ਸਿੰਘ ਨੇ ਠੇਕੇ ਤੇ ਲਈ ਸੀ ਉਹ ਜਮੀਨ ਉਹਨਾਂ ਤੋਂ ਬਿਨਾਂ ਹੋਰ ਕੋਈ ਠੇਕੇ ਤੇ ਨਾ ਲਵੇ। ਇਸੇ ਕਾਰਨ ਉਹ ਅਵਤਾਰ ਸਿੰਘ ਨਾਲ ਰੰਜਿਸ਼ ਰੱਖਿਆ ਕਰਦੇ ਸਨ।

CATEGORIES
Share This

COMMENTS

Wordpress (0)
Disqus (0 )
Translate