10 ਸਾਲਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਖੇਤੀਬਾੜੀ ਅਤੇ ਬਾਗਬਾਨੀ ਲਈ ਕਰੋ ਯੋਜਨਾਬੰਦੀ—ਡਿਪਟੀ ਕਮਿਸ਼ਨਰ
—ਕਿਸਾਨਾਂ ਨਾਲ ਜ਼ੁੜੇ ਮਹਿਕਮਿਆਂ ਦੇ ਕੰਮਕਾਜ ਦੀ ਸਮੀਖਿਆ ਦੌਰਾਨ ਵਿਭਾਗਾਂ ਨੂੰ ਦਿੱਤੇ ਹੁਕਮ

ਫਾਜਿ਼ਲਕਾ, 8 ਦਸੰਬਰ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਸਾਨਾਂ ਨਾਲ ਜ਼ੁੜੇ ਮਹਿਕਮਿਆਂ ਦੇ ਕੰਮਕਾਜ ਦੀ ਸਮੀਖਿਆ ਦੌਰਾਨ ਕਿਹਾ ਕਿ ਫਾਜਿਲ਼ਕਾ ਜਿ਼ਲ੍ਹਾ ਪੂਰੀ ਤਰਾਂ ਨਾਲ ਖੇਤੀ ਤੇ ਨਿਰਭਰ ਹੈ ਇਸ ਲਈ ਆਉਣ ਵਾਲੇ 10 ਸਾਲਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਯੋਜਨਾਬੰਦੀ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਰੇ ਲੋਕਾਂ ਨੂੰ ਯਤਨ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਫਾਜਿ਼ਲਕਾ ਜਿ਼ਲ੍ਹੇ ਵਿਚ ਕਿਸਾਨਾਂ ਨਾਲ ਜੁੜੇ ਮਹਿਕਮਿਆਂ ਦੀ ਅਹਿਮੀਅਤ ਸਭ ਤੋਂ ਵੱਧ ਹੈ। ਇਸ ਲਈ ਇੰਨ੍ਹਾਂ ਵਿਭਾਗਾਂ ਨੂੰ ਕਿਸਾਨ ਹਿੱਤ ਵਿਚ ਵਧੇਰੇ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਜਰੂਰਤ ਹੈ।
ਉਨ੍ਹਾਂ ਨੇ ਬਾਗਬਾਨੀ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਸਬਸਿਡੀ ਸਕੀਮਾਂ ਦੀ ਵੱਧ ਤੋਂ ਵੱਧ ਜਾਣਕਾਰੀ ਕਿਸਾਨਾਂ ਨੂੰ ਦੇਣ ਤਾਂ ਜ਼ੋ ਕਿਸਾਨ ਇੰਨ੍ਹਾਂ ਦਾ ਲਾਭ ਲੈ ਕੇ ਬਾਗਬਾਨੀ ਹੇਠ ਰਕਬਾ ਵਧਾ ਸਕਨ। ਉਨ੍ਹਾਂ ਨੇ ਨਹਿਰੀ ਵਿਭਾਗ ਨੂੰ ਵੀ ਸਖ਼ਤ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਬਾਗਾਂ ਅਤੇ ਨਰਮੇ ਦੀ ਬਿਜਾਈ ਲਈ ਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਦੀ ਮੰਗ ਅਨੁਸਾਰ ਅਗਲੀ ਗਰਮੀ ਰੁੱਤ ਦੀ ਸੁਰੂਆਤ ਤੋਂ ਹੀ ਪਾਣੀ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਖੇਤੀਬਾੜੀ, ਬਾਗਬਾਨੀ, ਸਹਿਕਾਰਤਾ ਅਤੇ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੇ ਆਪਣੀ ਪ੍ਰਗਤੀ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਖਾਦਾਂ ਦੀ ਕੋਈ ਘਾਟ ਨਹੀਂ ਪਰ ਨਾਲ ਹੀ ਉਨ੍ਹਾਂ ਨੇ ਖੇਤੀਬਾੜੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਖਾਦਾਂ ਦੇ ਨਾਲ ਕੋਈ ਹੋਰ ਗੈਰ ਜਰੂਰੀ ਉਤਪਾਦ ਦੀ ਵਿਕਰੀ ਨਾ ਹੋਵੇ ਅਤੇ ਕੀਟਨਾਸਕਾਂ ਅਤੇ ਖਾਦਾਂ ਦੀ ਗੁਣਵਤਾ ਸਹੀ ਹੋਵੇ। ਉਨ੍ਹਾਂ ਨੇ ਡ੍ਰੇਨਜ ਵਿਭਾਗ ਨੂੰ ਵੀ ਕਿਹਾ ਕਿ ਉਹ ਸੇਮ ਨਾਲਿਆਂ ਦੀ ਅਗਲੀ ਮਾਨਸੂਨ ਤੋਂ ਪਹਿਲਾਂ ਪਹਿਲਾਂ ਸਫਾਈ ਲਈ ਹੁਣ ਤੋਂ ਹੀ ਵਿਊਂਤਬੰਦੀ ਕਰੇ।


