ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਸੜਕ ਸੁਰੱਖਿਆ ਫੋਰਸ

ਐਸ.ਐਸ.ਐਫ ਟੀਮ ਨੇ ਸੜਕ ਹਾਦਸੇ ’ਚ ਜਖਮੀ ਵਿਅਕਤੀ ਦੀ ਬਚਾਈ ਕੀਮਤੀ ਜਾਨ, ਹਸਪਤਾਲ ਕਰਵਾਇਆ ਦਾਖਲ

ਸ੍ਰੀ ਮੁਕਤਸਰ ਸਾਹਿਬ, 25 ਜੂਨ (ਜਗਜੀਤ ਸਿੰਘ ਧਾਲੀਵਾਲ) ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਹਾਦਸੇ ਦਾ ਸ਼ਿਕਾਰ ਇਕ ਵਿਅਕਤੀ ਲਈ ਉਸ ਸਮੇਂ ਵਰਦਾਨ ਸਾਬਿਤ ਹੋਈ ਜਦੋਂ ਉਕਤ ਐਸ.ਅਸ.ਐਫ ਟੀਮ ਨੇ ਸੜਕ ਦੁਰਘਟਨਾ ਵਿਚ ਜਖਮੀ ਵਿਅਕਤੀ ਨੂੰ ਮੌਕੇ ਤੇ ਪਹੁੰਚ ਕੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਾ ਕੇ ਉਸਦੀ ਜਾਨ ਬਚਾਈ। ਦੱਸਣਯੋਗ ਹੈ ਕਿ ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਵਲੋਂ ਲੋਕਾਂ ਨੂੰ ਸੜ੍ਹਕੀ ਹਾਦਸਿਆਂ ਤੋਂ ਬਚਾਉਣ ਦੇ ਲਈ ਅਤੇ ਸੜਕੀ ਹਾਦਸਿਆਂ ਦੇ ਜਖਮੀ ਵਿਅਕਤੀਆਂ ਨੂੰ ਤੁਰੰਤ ਹੀ ਹਸਪਤਾਲ ’ਚ ਇਲਾਜ ਲਈ ਪਹੁੰਚਾਉਣ ਦੇ ਲਈ ਸੜਕ ਸੁਰੱਖਿਆ ਫੋਰਸ ਪੰਜਾਬ ਅੰਦਰ ਤਾਇਨਾਤ ਕੀਤੀ ਗਈ ਹੈ। ਇਸੇ ਤਹਿਤ ਹੀ ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ, ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਨਿਗਰਾਨੀ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅਲੱਗ ਅਲੱਗ ਸਬ ਡਵੀਜਨਾਂ ਅੰਦਰ ਸੜਕ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। ਜਿਸਦੇ ਚਲਦਿਆਂ ਅੱਜ ਸੜਕ ਸੁਰੱਖਿਆ ਮੁਲਾਜਮਾਂ ਵਲੋਂ ਹਾਦਸੇ ’ਚ ਜਖਮੀ ਹੋਏ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਉਸਦੀ ਜਾਨ ਬਚਾਈ।
ਸੜ੍ਹਕ ਸੁਰੱਖਿਆ ਫੋਰਸ (ਐਸ.ਐਸ.ਐਫ) ਦੇ ਡੀ.ਐਸ.ਏ ਗੁਰਮੀਤ ਸਿੰਘ, ਸਿਪਾਹੀ ਮਨਪ੍ਰੀਤ ਸਿੰਘ ਅਤੇ ਲੇਡੀ ਸਿਪਾਈ ਮਨਪ੍ਰੀਤ ਕੌਰ ਆਪਣੀ ਡਿਊਟੀ ਤੇ ਬਠਿੰਡਾ ਰੋਡ , ਸ੍ਰੀ ਮੁਕਤਸਰ ਸਾਹਿਬ ਵਿਖੇ ਤਾਇਨਾਤ ਸੀ ਉਹਨਾਂ ਨੂੰ ਕਰੀਬ 5.30 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਪਿੰਡ ਸੰਗੂਧੌਣ ਕੋਲ ਇਕ ਮੋਟਰਸਾਇਕਲ ਦਾ ਸੰਤੁਲਨ ਵਿਗੜਨ ਕਰਕੇ ਮੋਟਰਸਾਇਕਲ ਚਾਲਕ ਡਿੱਗ ਗਿਆ, ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਹੀ ਸੈਕਿੰਡਾਂ ਵਿਚ ਐਸ.ਐਸ.ਐਫ ਟੀਮ ਮੌਕੇ ਤੇ ਪਹੁੰਚੀ ਅਤੇ ਉਹਨਾਂ ਵਲੋਂ ਉਕਤ ਜਖਮੀ ਮੋਟਰਸਾਇਕਲ ਚਾਲਕ ਨੂੰ ਪਹਿਲਾਂ ਫਸਟ ਏਡ ਦਿੱਤੀ ਗਈ ਅਤੇ ਫਿਰ ਉਸਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਵਲੋਂ ਮੁਲਾਜਮਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹਨਾਂ ਵਲੋਂ ਮਰੀਜ ਨੂੰ ਜਲਦੀ ਹਸਪਤਾਲ ਪਹੁੰਚਾਉਣ ਕਰਕੇ ਉਸਦੀ ਕੀਮਤੀ ਜਾਨ ਬੱਚ ਗਈ। ਜਖਮੀ ਵਿਅਕਤੀ ਵਾਸੀ ਪਿੰਡ ਧਿਗਾਣਾ ਦੇ ਪਰਿਵਾਰਿਕ ਮੈਂਬਰਾਂ ਵਲੋਂ ਵੀ ਹਸਪਤਾਲ ਪਹੁੰਚ ਕੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਅਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜਮਾਂ ਦਾ ਧੰਨਵਾਦ ਕੀਤਾ ਗਿਆ।
ਕੈਪਸ਼ਨ: ਹਾਦਸੇ ਦਾ ਸ਼ਿਕਾਰ ਵਿਅਕਤੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੰਦੇ ਹੋਏ ਐਸ.ਐਸ.ਐਫ ਟੀਮ ਦੇ ਮੈਂਬਰ।

CATEGORIES
Share This

COMMENTS

Wordpress (0)
Disqus (0 )
Translate