ਲੁਧਿਆਣੇ ਤੋਂ ਜਿੱਤ ਨੇ ਰਾਜੇ ਵੜਿੰਗ ਦਾ ਸਿਆਸਤ ਵਿੱਚ ਕੱਦ ਕੀਤਾ ਹੋਰ ਉੱਚਾ

ਲੁਧਿਆਣਾ 4 ਜੂਨ। ਬੇਸ਼ੱਕ ਪਹਿਲਾਂ ਹੀ ਤਿੰਨ ਵਾਰ ਵਿਧਾਇਕ ਬਣਨ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਪੰਜਾਬ ਬਣਨ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਪਰ ਜਿਸ ਤਰ੍ਹਾਂ ਲੁਧਿਆਣਾ ਵਿੱਚ ਉਹਨਾਂ ਨੇ ਸਖਤ ਮੁਕਾਬਲੇ ਦੌਰਾਨ 20 ਹਜਾਰ ਤੋਂ ਵੱਡੀ ਲੀਡ ਨਾਲ ਲੋਕ ਸਭਾ ਚੋਣ ਦੀ ਜਿੱਤ ਦਰਜ ਕੀਤੀ ਹੈ ਉਸ ਨਾਲ ਰਾਜਾ ਵੜਿੰਗ ਦਾ ਕੱਦ ਸਿਆਸਤ ਵਿੱਚ ਹੋਰ ਉੱਚਾ ਹੋਇਆ ਹੈ। ਗਿੱਦੜਵਾਹਾ ਤੋਂ ਸ਼ੁਰੂ ਹੋਇਆ ਰਾਜੇ ਵੜਿੰਗ ਦਾ ਸਿਆਸੀ ਸਫਰ ਹੁਣ ਪੰਜਾਬ ਦੇ ਮਾਲਵੇ ਦੇ ਵੱਡੇ ਜਿਲ੍ਹੇ ਲੁਧਿਆਣੇ ਵਿੱਚ ਉਹਨਾਂ ਦੀ ਜਿੱਤ ਨੇ ਸਾਬਤ ਕਰ ਦਿੱਤਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇਕੱਲੇ ਗਿੱਦੜਵਾਹਾ ਦੇ ਆਗੂ ਨਹੀਂ ਸਗੋਂ ਪੰਜਾਬ ਦੇ ਸਿਰ ਕੱਢ ਆਗੂਆਂ ਵਿੱਚੋਂ ਇੱਕ ਹਨ। ਜਿਨਾਂ ਨੂੰ ਬੇਸ਼ੱਕ ਲੁਧਿਆਣਾ ਤੋਂ ਚੋਣ ਲੜਾਈ ਗਈ ਪਰ ਉਹਨਾਂ ਨੇ ਉੱਥੇ ਵੀ ਜਿੱਤ ਦੇ ਝੰਡੇ ਗੱਡੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਦਾ ਸਰਟੀਫਿਕੇਟ ਲੈਂਦਿਆਂ ਕਿਹਾ ਕਿ ਲੋਕਾਂ ਦਾ ਧੰਨਵਾਦ ਕਰਨ ਲਈ ਉਹਨਾਂ ਕੋਲ ਸ਼ਬਦ ਨਹੀਂ ਹਨ। ਰਾਜਾ ਵੜਿੰਗ ਦੀ ਜਿੱਤ ਵਿੱਚ ਜਿੱਥੇ ਲੁਧਿਆਣਾ ਲੋਕ ਸਭਾ ਹਲਕੇ ਦੀ ਆਗੂਆਂ ਤੇ ਵਰਕਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉੱਥੇ ਉਹਨਾਂ ਦੇ ਸੱਜਣਾਂ ਮਿੱਤਰਾਂ ਵੱਲੋਂ ਵੀ ਉਹਨਾਂ ਦੇ ਹੱਕ ਵਿੱਚ ਦਿਨ ਰਾਤ ਚੋਣ ਪ੍ਰਚਾਰ ਕੀਤਾ ਗਿਆ। ਰਾਜਸਥਾਨ ਦੇ ਸਾਦੁਲ ਸ਼ਹਿਰ ਵਿਧਾਨ ਸਭਾ ਹਲਕੇ ਦੇ ਪਿੰਡ ਬੁੱਧ ਸਿੰਘ ਵਾਲਾ ਤੋਂ ਰਾਜੇ ਵੜਿੰਗ ਦੇ ਕਰੀਬੀ ਮਿੱਤਰ ਅਮਨ ਸਿੱਧੂ ਵੱਲੋਂ ਵੀ ਦਿਨ ਰਾਤ ਲੁਧਿਆਣਾ ਹਲਕੇ ਵਿੱਚ ਚੋਣ ਬੈਠਕਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਰਾਜੇ ਵੜਿੰਗ ਨੂੰ ਜਦੋਂ ਵੀ ਕਾਂਗਰਸ ਵੱਲੋਂ ਜਿਹੜੀ ਜਿੰਮੇਵਾਰੀ ਮਿਲੀ ਹੈ ਉਸਨੇ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਉਸ ਜਿੰਮੇਵਾਰੀ ਨੂੰ ਜਿੱਥੇ ਬਖੂਬੀ ਨਿਭਾਇਆ ਹੈ ਉੱਥੇ ਉਨਾਂ ਨੇ ਆਪਣੀ ਕਾਬਲੀਅਤ ਦਾ ਵੀ ਪ੍ਰਗਟਾਵਾ ਕੀਤਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate