ਪੰਜਾਬ ਸਰਕਾਰ 16 ਬੱਸ ਅੱਡੇ ਦੇਵੇਗੀ ਕਿਰਾਏ ਤੇ
ਚੰਡੀਗੜ 17 ਨਵੰਬਰ 2023
ਪੰਜਾਬ ਸਰਕਾਰ ਸੂਬੇ ਦੇ 16 ਬੱਸ ਟਰਮੀਨਲਾਂ ਦਾ ਸੰਚਾਲਨ ਅਤੇ ਰੱਖ-ਰਖਾਵ ਨਿੱਜੀ ਕੰਪਨੀਆਂ ਨੂੰ ਸੌਂਪਣ ਜਾ ਰਹੀ ਹੈ। ਵਿਸ਼ੇਸ਼ ਨੀਤੀ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਇਨ੍ਹਾਂ 16 ਬੱਸ ਟਰਮੀਨਲਾਂ ਦਾ ਪੂਰਾ ਰੱਖ-ਰਖਾਅ ਅਤੇ ਸੰਚਾਲਨ ਕਰਨ ਦਾ ਮੌਕਾ ਮਿਲੇਗਾ।ਪ੍ਰਾਈਵੇਟ ਕੰਪਨੀਆਂ ਬੱਸ ਸਟੈਂਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਬੱਸ ਸਟੈਂਡ ਦੀ ਸਫਾਈ ਅਤੇ ਹੋਰ ਰੱਖ-ਰਖਾਅ ਦਾ ਕੰਮ ਵੀ ਕਰਨਗੀਆਂ। ਇਹ ਬੱਸ ਸਟੈਂਡ 2024 ਤੋਂ 2029 ਤੱਕ ਪੰਜ ਸਾਲਾਂ ਲਈ ਪ੍ਰਾਈਵੇਟ ਕੰਪਨੀਆਂ ਨੂੰ ਸੌਂਪੇ ਜਾਣਗੇ।
ਇਨ੍ਹਾਂ ਬੱਸ ਟਰਮੀਨਲਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਥਾਵਾਂ ਤੋਂ ਬੱਸ ਸਟੈਂਡ ਫੀਸ ਅਤੇ ਕਿਰਾਏ ਦੀ ਵਸੂਲੀ ਕਰਨਗੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਵਾਹਨਾਂ ਤੋਂ ਪਾਰਕਿੰਗ ਫੀਸ ਵੀ ਵਸੂਲੀ ਜਾ ਸਕਦੀ ਹੈ ਅਤੇ ਬੱਸ ਅੱਡਿਆਂ ’ਤੇ ਬੱਸਾਂ ਵਾਲਿਆਂ ਤੋਂ ਨਾਈਟ ਪਾਰਕਿੰਗ ਫੀਸ ਵੀ ਵਸੂਲੀ ਜਾ ਸਕਦੀ ਹੈ। ਇਹ ਸਾਰੇ 16 ਬੱਸ ਟਰਮੀਨਲ ਪੰਜਾਬ ਸਟੇਟ ਬੱਸ ਟਰਮੀਨਲ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬਸ) ਕੋਲ ਹਨ ਅਤੇ ਇਸ ਕਦਮ ਨਾਲ ਪਨਬਸ ਦੀ ਆਮਦਨ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਸਾਲ 2012 ਵਿੱਚ ਵੀ ਸਰਕਾਰ ਨੇ O&M ਨੀਤੀ ਤਹਿਤ ਬੱਸ ਟਰਮੀਨਲਾਂ ਨੂੰ ਪ੍ਰਾਈਵੇਟ ਸੈਕਟਰ ਨੂੰ ਸੌਂਪ ਦਿੱਤਾ ਸੀ। ਉਸ ਤੋਂ ਬਾਅਦ ਅਕਸਰ ਕੰਪਨੀਆਂ ਇਸ ਕੰਮ ਨੂੰ ਅੱਧ ਵਿਚਾਲੇ ਛੱਡ ਦਿੰਦੀਆਂ ਹਨ। ਪਰ ਹੁਣ ਨਵੇਂ ਨਿਯਮਾਂ ਤਹਿਤ ਨਵੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ।