ਗੈਰ ਸੰਵਿਧਾਨਿਕ ਇਜਲਾਸ ਦਾ ਨਾਟਕ ਕਰਕੇ ਮੁੱਖ ਮੰਤਰੀ ਨੇ ਲੋਕਤੰਤਰ ਦੇ ਮੰਦਿਰ ਦਾ ਕੀਤਾ ਅਪਮਾਨ-ਜਾਖੜ
ਲੋਕਾਂ ਨੂੰ ਭਰਮਾਉਣ ਤੇ ਭਟਕਾਉਣ ਦੀ ਨੀਤੀ ਤੇ ਚੱਲ ਰਹੀ ਹੈ ‘ਆਪ’ ਸਰਕਾਰ
ਜਲੰਧਰ 21 ਅਕਤੂਬਰ (ਪੋਸਟਮੇਲ ਬਿਊਰੋ)
ਬੀਤੇ ਕੱਲ ਨਾਟਕ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਗੈਰ ਸੰਵਿਧਾਨਿਕ ਇਜਲਾਸ ਬੁਲਾ ਕੇ ਮੁੱਖ ਮੰਤਰੀ ਨੇ ਲੋਕਤੰਤਰ ਦੇ ਮੰਦਰ (ਵਿਧਾਨ ਸਭਾ) ਦਾ ਅਪਮਾਨ ਕੀਤਾ ਹੈ। ਜਿਸ ਲਈ ਮੁੱਖ ਮੰਤਰੀ ਮਾਫ਼ੀ ਮੰਗਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹ ਇੱਥੇ ਭਾਰਤੀ ਵਾਲਮੀਕਿ ਧਰਮ ਸਮਾਜ ਸੰਗਠਨ ਵੱਲੋਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਪੁੱਜੇ ਸਨ। ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਤੇ ਉਹਨਾਂ ਨੂੰ ਭਰਮਾਉਣ ਦੀ ਨੀਤੀ ਤੇ ਚੱਲ ਰਹੀ ਹੈ। ਜਿਸ ਤਹਿਤ ਨਿਤ ਨਵੇਂ ਨਾਟਕ ਹੋ ਰਹੇ ਹਨ। ਇੱਕ ਪਾਸੇ ਜਿੱਥੇ ਪੰਜਾਬ ਦੇ ਪਾਣੀ ਨੂੰ ਲੁੱਟਿਆ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਇਹ ਹਰ ਰੋਜ਼ ਪੰਜਾਬ ਸਿਰ 100 ਕਰੋੜ ਦਾ ਕਰਜ਼ਾ ਚੜਾ ਰਹੇ ਹਨ।ਪੰਜਾਬ ਗੰਭੀਰ ਸੰਕਟ ਵੱਲ ਜਾ ਰਿਹਾ ਹੈ। ਅਜਿਹੇ ਮਸਲੇ ਤੇ ਗੰਭੀਰਤਾ ਦਿਖਾਉਣ ਦੀ ਬਜਾਏ ਮੁੱਖ ਮੰਤਰੀ ਚੁਟਕਲਿਆਂ ਦੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਜਵਾਬ ਦੇਣ ਤੋਂ ਭੱਜਣਾ ਤੇ ਆਲ ਪਾਰਟੀ ਮੀਟਿੰਗ ਨਾ ਬੁਲਾਉਣਾ ਮੁੱਖ ਮੰਤਰੀ ਦੀ ਲੋਕਾਂ ਨੂੰ ਨਾਲ ਲੈਕੇ ਚੱਲਣ ਦੀ ਨਾਕਾਬਲੀਅਤ ਨੂੰ ਦਰਸਾਉਂਦਾ ਹੈ। ਇਹ ਸਿਰਫ਼ ਨਾਟਕ ਲਈ ਬਹਿਸ ਕਰਵਾ ਰਹੇ ਹਨ। ਜਿੱਥੇ ਨਿਕਲਣਾ ਕੁਝ ਨਹੀਂ ਪਰ ਇਹਨਾਂ ਦੇ ਸਾਜਸ਼ੀ ਚਿਹਰੇ ਬੇਨਕਾਬ ਜਰੂਰ ਕਰਾਂਗੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਬਹਿਸ ਤੋਂ ਖੁਦ ਭੱਜਣਗੇ ਕਿਉਂਕਿ ਇਨਾਂ ਪਹਿਲਾਂ ਸੁਪਰੀਮ ਕੋਰਟ ਵਿੱਚ ਸਾਰਾ ਕੁਝ ਲੁਟਾ ਦਿੱਤਾ ਤੇ ਹੁਣ ਇਹ ਹਰਿਆਣੇ ਦੇ ਹੱਕਾਂ ਦੀ ਗੱਲ ਕਰ ਰਹੇ ਹਨ। ਜਿਸ ਤੋਂ ਸਾਫ ਹੈ ਕਿ ਆਪ ਪੰਜਾਬ ਦੇ ਲੋਕਾਂ ਦੀ ਹਿੱਤਾਂ ਦੀ ਪਹਿਰੇਦਾਰੀ ਕਰਨ ਵਿੱਚ ਅਸਫਲ ਰਹੀ ਹੈ। ਉਨਾਂ ਫਿਰ ਦੁਹਰਾਇਆ ਕਿ ਇੱਕ ਨਵੰਬਰ ਦੀ ਬਹਿਸ ਲਈ ਉਹਨਾਂ ਵੱਲੋਂ ਸੁਝਾਏ ਨਾਵਾਂ ਤੇ ਜਾਂ ਤਾਂ ਮੁੱਖ ਮੰਤਰੀ ਹਾਮੀ ਭਰਨ ਤੇ ਜਾਂ ਫਿਰ ਇਤਰਾਜ਼ ਕਰਕੇ ਕੋਈ ਹੋਰ ਨਾਮ ਦੱਸਣ ਕਿਉਂਕਿ ਨਿਗਰਾਨ ਜਾਂ ਰੈਫਰੀ ਤੋਂ ਬਿਨਾਂ ਬਹਿਸ ਕਿਵੇਂ ਸੰਭਵ ਹੈ। ਕੱਲ ਸਪੀਕਰ ਦੀ ਮੌਜੂਦਗੀ ਵਿੱਚ ਪਵਿੱਤਰ ਸਦਨ ਚ ਜੋ ਤੂੰ ਤੂੰ – ਮੈਂ ਮੈਂ ਹੋਈ ਉਹ ਸਭ ਦੇ ਸਾਹਮਣੇ ਹੈ।ਇੱਕ ਸਵਾਲ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਛੋਲੇ ਕੁਲਚਿਆਂ ਦੀ ਗੱਲ ਕਰਨ ਦੀ ਨਹੀਂ ਸਗੋਂ ਪੰਜਾਬ ਦੇ ਹਿੱਤਾਂ ਲਈ ਗੱਲ ਕਰਨ ਦੀ ਲੋੜ ਹੈ।ਉਨਾਂ ਭਾਜਪਾ ਛੱਡ ਮੁੜ ਕਾਂਗਰਸ ਵਿੱਚ ਸ਼ਾਮਿਲ ਹੋਏ ਲੀਡਰਾਂ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਵਿੱਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲ ਰਿਹਾ ਸੀ ਪਰ ਉਹ ਜਿਹੜੀਆਂ ਸਿਆਸੀ ਇਛਾਵਾਂ ਦੀ ਪੂਰਤੀ ਲਈ ਉਧਰ ਗਏ ਉੱਥੇ ਜੋ ਜਲਾਲਤ ਉਹਨਾਂ ਨੂੰ ਮਿਲੀ ਅਜਿਹਾ ਵਰਤਾਰਾ ਨਹੀਂ ਵਾਪਰਨਾ ਚਾਹੀਦਾ ਸੀ।