ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਦਾ ਜਿੰਮਾ ਦੂਜਿਆਂ ਸਿਰ ਭੰਨਣ ਦੀ ਬਜਾਇ ਖ਼ੁਦ ਜਿੰਮੇਵਾਰੀ ਲੈਣ – ਸੁਨੀਲ ਜਾਖੜ

ਪੰਚਾਇਤਾਂ ਭੰਗ ਕਰਨ ਦੇ ਮਸਲੇ ਤੇ ਗਲਤੀ ਮੰਨ ਕੇ ਮੁੱਖ ਮੰਤਰੀ ਪੰਜਾਬੀਆਂ ਤੋਂ ਮੰਗਣ ਮਾਫ਼ੀ

ਕਾਂਗਰਸ ਅਧਿਕਾਰਿਤ ਤੌਰ ਤੇ ਆਮ ਆਦਮੀ ਪਾਰਟੀ ਨਾਲ ਇੱਕਮਿਕ ਹੋਈ

ਚੰਡੀਗੜ੍ਹ 1 ਸਤੰਬਰ (ਜਗਜੀਤ ਸਿੰਘ ਧਾਲੀਵਾਲ)
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਦੀ ਜ਼ਿੰਮੇਵਾਰੀ ਅਧਿਕਾਰੀਆਂ ਉਪਰ ਪਾਉਣ ਤੇ ਮੁੱਖ ਮੰਤਰੀ ਦੀ ਕਰੜੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਹੈ ਕਿ ਆਪਣੀਆਂ ਨਾਕਾਮੀਆਂ ਦੂਜਿਆਂ ਤੇ ਸੁਟਣ ਨਾਲ ਸਰਕਾਰ ਨਹੀਂ ਚਲਦੀ।
ਇਥੇ ਪੰਜਾਬ ਭਾਜਪਾ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਗਲਤੀ ਮੰਨਦਿਆਂ ਪੰਜਾਬੀਆਂ ਤੋਂ ਮਾਫੀ ਮੰਗਣ, ਕਿਉੰਕਿ ਇਸ ਗਲਤੀ ਲਈ ਉਹ ਖੁਦ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨਾਲ ਪੰਜਾਬ ਸਰਕਾਰ ਦੀ ਬੇਇਜ਼ਤੀ ਹੋਈ ਹੈ ਆਮ ਆਦਮੀ ਪਾਰਟੀ ਦੀ ਨਹੀਂ।
ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਲਾਵਾਰਿਸ ਛੱਡ ਕੇ ਆਪਣੇ ਬੌਸ ਦੇ ਸਾਰਥੀ ਬਣ ਕੇ ਉਹਨਾਂ ਲਈ ਦੇਸ਼ ਭਰ ਵਿੱਚ ਸਿਆਸੀ ਜ਼ਮੀਨ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਮੁੱਖ ਮੰਤਰੀ ਦਾ ਧਿਆਨ ਰਾਸ਼ਟਰੀ ਰਾਜਨੀਤੀ ਵਿੱਚ ਹੈ, ਤਾਂ ਅਜਿਹੇ ਵਿੱਚ ਪੰਜਾਬ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਹੈ ਜਿਸ ਕਾਰਨ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਕਿਸ ਦਾ ਸੀ ਤੇ ਕੀ ਇਹ ਫੈਸਲਾ ਕੈਬਨਿਟ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ ਜਾਂ ਨਹੀਂ।
ਉਹਨਾਂ ਸ਼ੰਕਾ ਪ੍ਰਗਟ ਕੀਤਾ ਕਿ ਇਹ ਫੈਸਲਾ ਕਿਤੇ ਦਿੱਲੀ ਤੋਂ ਤਾਂ ਨਈ ਆਇਆ ਸੀ। ਜਾਖੜ ਨੇ ਕਿਹਾ ਕਿ ਇਹ ਝੂਠ ਦੀ ਸਰਕਾਰ ਹੈ ਤੇ ਝੂਠ ਤੇ ਝੂਠ ਬੋਲ ਕੇ ਡੰਗ ਟਪਾ ਰਹੀ ਹੈ। ਇਸ ਮਸਲੇ ਤੇ ਵੀ ਸਰਕਾਰ ਨੇ ਝੂਠ ਹੀ ਬੋਲੇ ਹਨ। ਸਰਕਾਰ ਨੇ ਫੈਸਲਾ ਵਾਪਸ ਨਹੀਂ ਲਿਆ ਸਗੋਂ ਫ਼ੈਸਲਾ ਵਾਪਸ ਲੈਣ ਲਈ ਇਹਨਾਂ ਨੂੰ ਮਜਬੂਰ ਕੀਤਾ ਗਿਆ ਹੈ। ਇਸ ਫ਼ੈਸਲੇ ਨੇ ਸਰਕਾਰ ਦਾ ਜਲੂਸ ਕੱਢਿਆ ਹੈ।
ਜਾਖੜ ਨੇ ਕਿਹਾ ਕਿ ਹਾਲੇ ਵੀ ਸਰਕਾਰ ਇਸ ਮਸਲੇ ਤੇ ਕੋਈ ਚੋਰ ਮੋਰੀ ਲੱਭ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ ਪੰਚਾਇਤਾਂ ਬਹਾਲ ਰਹਿਣ ਪਰ ਵਿੱਤੀ ਕੰਮ ਪ੍ਰਬੰਧਕ ਕਰਨ। ਹਾਲੇ ਵੀ ਪੰਚਾਇਤਾਂ ਤੇ ਵਿੱਤੀ ਐਮਰਜੈਂਸੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਇਸ ਮਸਲੇ ਤੇ ਅਸੀਂ ਰੱਜ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਪੰਚਾਇਤਾਂ ਨੂੰ ਬਹਾਲ ਕਰਕੇ ਸਾਰੇ ਅਧਿਕਾਰ ਨਹੀਂ ਦਿੱਤੇ ਜਾਂਦੇ।
ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਜੋੜ ਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਜਿਹੜੇ ਲੋਕ ਕਹਿੰਦੇ ਸਨ ਕਿ ਕੇਜਰੀਵਾਲ ਤੇ ਭਗਵੰਤ ਮਾਨ ਦਾ ਇੰਡੀਆ ਗੱਠਜੋੜ ਨਾਲ ਕੋਈ ਵਾਹ ਵਾਸਤਾ ਨਹੀਂ ਉਹ ਹੁਣ ਜਵਾਬ ਦੇਣ। ਜਾਖੜ ਨੇ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਅਧਿਕਾਰਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਇੱਕਮਿਕ ਹੋ ਗਈ ਹੈ। ਕਾਂਗਰਸ ਹਾਈ ਕਮਾਂਡ ਨੂੰ ਵੀ ਪਤਾ ਸੀ ਕਿ ਪੰਜਾਬ ਕਾਂਗਰਸ ਦੀ ਆਮ ਆਦਮੀ ਪਾਰਟੀ ਨਾਲ ਪਹਿਲਾਂ ਹੀ ਸਾਂਠ ਗਾਂਠ ਹੋ ਚੁੱਕੀ ਸੀ। ਇਸੇ ਲਈ ਕਾਂਗਰਸ ਵੱਲੋਂ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਕਰਨ ਤੇ ਵਿਰੋਧ ਕਰਨ ਵਾਲੇ ਦਿੱਲੀ ਦੇ ਪ੍ਰਧਾਨ ਨੂੰ ਤਾਂ ਬਦਲ ਦਿੱਤਾ ਗਿਆ ਪਰ ਪੰਜਾਬ ਵਾਲੇ ਵਿਰੋਧ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਇਸ ਤੋਂ ਸਾਫ਼ ਹੈ ਕਿ ਪੰਜਾਬ ਦੀ ਕਾਂਗਰਸ ਦੇ ਲੀਡਰ ਅੰਦਰ ਖਾਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਚੁੱਕੇ ਹਨ। ਜਾਖੜ ਨੇ ਕਿਹਾ ਕਿ ਅਨਿਲ ਚੌਧਰੀ ਤੇ ਅਜੇ ਮਾਕਣ ਨੇ ਕਾਂਗਰਸ ਦੇ ਗਠਜੋੜ ਤੇ ਵਿਰੋਧ ਜਿਤਾ ਕੇ ਸਾਬਿਤ ਕਰ ਦਿੱਤਾ ਕਿ ਉਹ ਅਸਲੀ ਹਨ ਪਰ ਸਾਡੇ ਪੱਗ ਬੰਨ ਕੇ ਡਰਾਮੇ ਕਰਨ ਵਾਲੇ ਤੇ ਰਾਜਸਥਾਨ ਫਿਰਦੇ ਲੀਡਰਾਂ ਦੀ ਕੋਈ ਅਹਿਮੀਅਤ ਨਹੀਂ ਹੈ। ਇਹ ਵੀ ਕਾਂਗਰਸ ਹਾਈ ਕਮਾਂਡ ਵੱਲੋ ਇਹਨਾਂ ਦੀ ਬਿਆਨਬਾਜ਼ੀ ਤੇ ਧਿਆਨ ਨਾ ਦਿੱਤੇ ਜਾਣ ਤੋਂ ਸਾਫ ਹੋ ਗਿਆ ਹੈ।

CATEGORIES
Share This

COMMENTS

Wordpress (0)
Disqus (1 )
Translate