ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਹੋਈ ਸ਼ੁਰੂਆਤ
ਨਵ ਨਿਯੁਕਤ ਅਧਿਆਪਕਾਂ ਨੇ ਪੂਰੇ ਜੋਸ਼,ਚਾਅ ਅਤੇ ਉਤਸ਼ਾਹ ਨਾਲ ਲਿਆ ਟ੍ਰੇਨਿੰਗ ਕੈਂਪ ਵਿੱਚ ਹਿੱਸਾ
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਸਦਕਾ, ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਾਇਰੈਕਟਰ ਐੱਸਸੀਈਆਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ 6635 ਭਰਤੀ ਰਾਹੀ ਚੁਣੇ ਗਏ ਜ਼ਿਲ੍ਹੇ ਦੇ ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਦੀ ਸ਼ੁਰੂਆਤ ਬੀ ਆਰ ਸੀ ਬਲਾਕ ਅਬੋਹਰ 1 ਵਿਖੇ ਹੋਈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਨਵ ਨਿਯੁਕਤ 18 ਈਟੀਟੀ ਅਧਿਆਪਕਾਂ ਨੂੰ ਇੱਕੋ ਗੇੜ ਵਿੱਚ ਟ੍ਰੇਨਿੰਗਾਂ ਦਿੱਤੀ ਜਾ ਰਹੀ ਹੈ ।ਅੱਜ ਉਹਨਾਂ ਦੁਆਰਾ ਜ਼ਿਲ੍ਹਾ ਪੱਧਰੀ ਇਸ ਅਧਿਆਪਕ ਸਿਖਲਾਈ ਕੈਂਪ ਦਾ ਦੌਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਵੇਂ ਨਿਯੁਕਤ ਹੋਏ ਈਟੀਟੀ ਅਧਿਆਪਕਾਂ ਨੂੰ ਵਿਭਾਗ ਦੀਆਂ ਨੀਤੀਆਂ,ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਪੂਰਨ ਜਾਣਕਾਰੀ ਦੇਣਾ ਅਤੇ ਹੋਰ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣਾ ਜ਼ਰੂਰੀ ਹੈ, ਤਾਂ ਕਿ ਉਹ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਸਕਣ। ਉਹਨਾਂ ਦੁਆਰਾ ਇਨ੍ਹਾਂ ਕੈਂਪਾਂ ਵਿੱਚ ਪਹੁੰਚੇ ਨਵ ਨਿਯੁਕਤ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਵਿੱਚ ਆਉਣ ਤੇ ਬੈਂਜ ਲਗਾਏ ਅਤੇ ਵਧਾਈ ਦਿੱਤੀ ਅਤੇ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਆਪਣੇ ਤਜਰਬੇ ਸਾਂਝੇ ਕੀਤੇ।
ਅਸੀਸਟੈਂਟ ਡਾਇਰੈਕਟਰ ਟਰੇਨਿੰਗ ਸ਼ੰਕਰ ਚੌਧਰੀ ਨੇ ਅਧਿਆਪਕਾਂ ਨੂੰ ਤਨੋਂ ਮਨੋਂ ਮਿਹਨਤ ਨਾਲ਼ ਪੜ੍ਹਾਈ ਕਰਵਾਉਣ ਅਤੇ ਦਾਖ਼ਲਿਆਂ ਦੇ ਵਾਧੇ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਕਿਹਾ ਕਿ ਕੁਆਲਟੀ ਐਜੂਕੇਸ਼ਨ ਵਿਭਾਗ ਦਾ ਮੁੱਖ ਟੀਚਾ ਹੈ ਜਿਸ ਨੂੰ ਆਪਾਂ ਸਾਰਿਆ ਮਿਲ ਕੇ ਪ੍ਰਾਪਤ ਕਰਨਾ ਹੈ। ਜ਼ਿਲਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਉਨਾਂ ਦੁਆਰਾ ਟ੍ਰੇਨਿੰਗ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਟ੍ਰੇਨਿੰਗਾਂ ਦੀ ਲੋੜ ਬਾਰੇ ਦੱਸਿਆ। ਉਹਨਾਂ ਕਿਹਾ ਕਿ ਇਹ ਟ੍ਰੇਨਿੰਗਾਂ ਸਿੱਖਣ ਪਰਿਣਾਮਾਂ ਦੀ ਸਮਝ ਬਣਾਉਣ, ਗਤੀਵਿਧੀ ਅਧਾਰਿਤ ਸਿੱਖਿਆ ਦੇਣ ਸਬੰਧੀ ਨਵੇਂ ਅਧਿਆਪਕਾਂ ਲਈ ਬਹੁਤ ਅਹਿਮ ਹਨ। ਇਨਾਂ ਟ੍ਰੇਨਿੰਗਾਂ ਦੁਆਰਾ ਡਿਜੀਟਲ ਕੰਟੈੰਟ ਦੀ ਵਰਤੋਂ ਕਰਦੇ ਹੋਏ ਸਿੱਖਿਆ ਨੂੰ ਰੌਚਕ ਬਣਾਉਣ ਬਾਰੇ ਦੱਸਿਆ ਜਾਵੇਗਾ। ਬੀਪੀਈਓ ਅਜੇ ਛਾਬੜਾ ਅਤੇ ਬੀਪੀਈਓ ਭਾਲਾ ਰਾਮ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਟ੍ਰੇਨਿੰਗਾਂ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਤਿਆਰ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਬੀਐਮਟੀ ਰਾਜਦੀਪ ਫੁਟੇਲਾ,ਬੀਐਮਟੀ ਪ੍ਰਦੁਮਨ,ਬੀਐਮਟੀ ਮਨੋਜ ਵੱਲੋਂ ਨਵ ਨਿਯੁਕਤ ਅਧਿਆਪਕ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਗਈ।
ਵੱਖ ਵੱਖ ਬਲਾਕਾਂ ਵਿੱਚ ਨਿਯੁਕਤ ਹੋਏ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਇਸ ਸਿਖਲਾਈ ਕੈਂਪ ਵਿੱਚ ਭਾਗ ਲਿਆ