ਬਾਜਵਾ ਨੂੰ ਜ਼ਿੰਮੇਵਾਰ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ-ਹਰਪਾਲ ਸਿੰਘ ਚੀਮਾ

ਜੇਕਰ ਉਨ੍ਹਾਂ ਕੋਲ ਪੁਖ਼ਤਾ ਜਾਣਕਾਰੀ ਹੈ ਤਾਂ ਪੁਲਿਸ ਜਾਂ ਸਰਕਾਰ ਨਾਲ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਹਿਤ ਤੁਰੰਤ ਸਾਂਝੀ ਕਰਨ : ਹਰਪਾਲ ਸਿੰਘ ਚੀਮਾ

ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਯਤਨਾਂ ‘ਚ ਸਰਕਾਰ ਦੇ ਨਾਲ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਵੀ ਬਰਾਬਰ ਦੀ

ਚੰਡੀਗੜ੍ਹ 13 ਅਪ੍ਰੈਲ

ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਸ. ਚੀਮਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਸੰਵਿਧਾਨਿਕ ਅਹੁਦੇ ਉੱਤੇ ਬੈਠੇ ਹਨ ਅਤੇ ਉਹਨਾਂ ਨੂੰ ਤੁਰੰਤ ਇਸ ਬਾਰੇ ਪੁਖਤਾ ਜਾਣਕਾਰੀ ਲੋਕਾਂ ਦੀ ਸੁਰੱਖਿਆ ਹਿਤ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਸਾਰਾ ਸਾਬਤ ਕਰਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਸਬੰਧ ਪਾਕਿਸਤਾਨ ਦੇ ਤਸਕਰਾਂ ਨਾਲ ਹਨ ਅਤੇ ਪਾਕਿਸਤਾਨ ਦੇ ਉਹਨਾਂ ਲੋਕਾਂ ਨਾਲ ਹਨ ਜਿਹੜੇ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ ਅਤੇ ਕਾਨੂੰਨ ਨੂੰ ਤੋੜਨਾ ਚਾਹੁੰਦੇ ਹਨ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬਿਆਨ ਮੰਦ ਭਾਵਨਾ ਨਾਲ ਦਿੱਤਾ ਗਿਆ ਹੈ ਜੋ ਕਿ ਘਟੀਆ ਰਾਜਨੀਤਿਕ ਸੋਚ ਦਾ ਪ੍ਰਗਟਾਵਾ ਕਰਦਾ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਬਿਆਨ ਦੀ ਜਾਂਚ ਕਰਕੇ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਬਾਜਵਾ ਨੂੰ ਜ਼ਿੰਮੇਵਾਰ ਵਿਰੋਧੀ ਧਿਰ ਆਗੂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਯਤਨਾਂ ਵਿੱਚ ਸਰਕਾਰ ਦੇ ਨਾਲ ਵਿਰੋਧੀ ਧਿਰ ਦੀ ਜਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੌਕਾ ਪੰਜਾਬ ਵਿੱਚ ਬੜੀ ਮੁਸ਼ਕਿਲ ਨਾਲ ਆਈ ਸ਼ਾਂਤੀ ਨੂੰ ਸੰਭਾਲਣ ਅਤੇ ਪੰਜਾਬ ਵਿਰੋਧੀ ਤਾਕਤਾਂ ਦਾ ਸਮੁੱਚੇ ਤੌਰ ‘ਤੇ ਡਟ ਕੇ ਟਾਕਰਾ ਕਰਨ ਦਾ ਹੈ, ਨਾ ਕਿ ਅਜਿਹੇ ਗੈਰ ਜਿੰਮੇਵਾਰਾਨਾ ਬਿਆਨ ਦੇ ਕੇ, ਪੁਲਿਸ ਅਤੇ ਪੰਜਾਬ ਵਾਸੀਆਂ ਦੇ ਹੌਂਸਲੇ ਨੂੰ ਢਾਹ ਲਾਉਣ ਦਾ।

CATEGORIES
Share This

COMMENTS Wordpress (0) Disqus ( )

Translate