ਅਬੋਹਰ ਸ਼ਹਿਰ ਦੇ ਸੁੰਦਰੀਕਰਨ ਦਾ ਪ੍ਰੋਜ਼ੈਕਟ ਸ਼ੁਰੂ
ਅਬੋਹਰ, 2 ਮਾਰਚ
ਨਗਰ ਨਿਗਮ ਅਬੋਹਰ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਦਾ ਪ੍ਰੋਜ਼ੈਕਟ ਆਰੰਭ ਕੀਤਾ ਗਿਆ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਡਾ: ਸੇਨੂੰ ਦੱੁਗਲ ਆਈਏਐਸ ਨੇ ਦੱਸਿਆ ਕਿ ਅਬੋਹਰ ਸ਼ਹਿਰ ਦੀ ਗੌਰਵਸ਼ਾਲੀ ਦਿੱਖ ਬਹਾਲ ਕਰਨ ਲਈ ਯਤਨ ਆਰੰਭੇ ਗਏ ਹਨ ਜਿਸ ਤਹਿਤ ਸ਼ਹਿਰ ਦੀਆਂ ਪ੍ਰਮੁੱਖ ਥਾਂਵਾਂ ਤੇ ਪੌਦੇ ਲਗਾਏ ਜਾ ਰਹੇ ਹਨ ਉਥੇ ਹੀ ਪੁਰਾੜੇ ਕਬਾੜ ਦੀ ਵਰਤੋਂ ਵੀ ਸੁੰਦਰੀਕਰਨ ਲਈ ਕੀਤੀ ਜਾਵੇਗੀ ਤਾਂ ਜੋ ਕਬਾੜ ਸੱਮਸਿਆ ਦੀ ਥਾਂ ਕਿਸੇ ਕੰਮ ਆ ਸਕੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਆਭਾ ਕੰਪਲੈਕਸ, ਮਲੋਟ ਚੋਕ, ਬੱਸ ਸਟੈਂਡ ਰੋਡ ਅਤੇ ਨਗਰ ਨਿਗਮ ਦਫ਼ਤਰ ਵਿਖੇ ਇਸ ਸਬੰਧੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਭਾ ਕੰਪਲੈਕਸ, ਮਲੋਟ ਚੋਕ, ਬੱਸ ਸਟੈਂਡ ਰੋਡ ਤੇ ਨਵੇਂ ਪੌਦੇ ਲਗਾਏ ਜਾ ਰਹੇ ਹਨ ਜਿਸ ਵਿਚ ਸਜਾਵਟੀ ਪੌਦਿਆਂ ਦੇ ਨਾਲ ਨਾਲ ਛਾਂਦਾਰ ਪੌਦੇ ਵੀ ਸ਼ਾਮਿਲ ਹਨ ਉਥੇ ਹੀ ਨਗਰ ਨਿਗਮ ਦਫ਼ਤਰ ਵਿਖੇ ਪੁਰਾਣੇ ਕਬਾੜ ਜਿਵੇਂ ਕਿ ਪੁਰਾਣੀਆਂ ਪਲਾਸਨਿਕ ਦੀਆਂ ਬੋਤਲਾਂ ਨੂੰ ਕੱਟ ਕੇ ਉਨ੍ਹਾਂ ਵਿਚ ਸਜਾਵਟੀ ਪੌਦੇ ਲਗਾਏ ਜਾਣਗੇ। ਇਸਤੋਂ ਬਿਨ੍ਹਾਂ ਪੁਰਾਣੇ ਟਾਇਰਾਂ ਨੂੰ ਰੰਗ ਕਰਕੇ ਉਨ੍ਹਾਂ ਦੀ ਵਰਤੋਂ ਟ੍ਰੀ ਗਾਰਡ ਵਜੋਂ ਕੀਤੀ ਜਾਵੇਗੀ।
ਨਿਗਮ ਦੇ ਬਾਗਬਾਨੀ ਸ਼ਾਖਾ ਦੇ ਜ਼ੁਨੀਅਰ ਇੰਜੀਨਿਅਰ ਅਜੈਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਸੁੰਦਰੀਕਰਨ ਲਈ ਨਿਗਮ ਦੇ ਯਤਨਾਂ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਉਹ ਫੁਲ ਪੌਦਿਆਂ ਦੀ ਸੰਭਾਲ ਵਿਚ ਨਿਗਮ ਦਾ ਸਹਿਯੋਗ ਕਰਨ।ਉਨ੍ਹਾਂ ਨੇ ਕਿਹਾ ਕਿ ਨਿਗਮ ਦਾ ਸਟਾਫ ਇਸ ਪ੍ਰੋਜ਼ੈਕਟ ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।