ਡਿਪਟੀ ਕਮਿਸ਼ਨਰ ਸੇਨੂੰ ਦੂੱਗਲ ਬਣੇ ਅਧਿਆਪਕ, ਜਿੰਮੇਵਾਰ ਨਾਗਰਿਕਤਾ ਵਿਸੇ਼ ਤੇ ਵਿਦਿਆਰਥੀਆਂ ਨਾਲ ਕੀਤੀ ਚਰਚਾ
ਫਾਜਿ਼ਲਕਾ, 21 ਜਨਵਰੀ
ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਪੰਜਾਬ ਦੀ ਨਵੀਂ ਪੀੜ੍ਹੀ ਦੇ ਉਜੱਵਲ ਭਵਿੱਖ ਸਿਰਜਨ ਦੀ ਸੋਚ ਤੋਂ ਪ੍ਰੇਰਣਾ ਲੈ ਕੇ ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਨੇ ਸਕੂਲੀ ਵਿਦਿਆਰਥੀਆਂ ਦੇ ਸੁਪਨੀਆਂ ਨੂੰ ਨਵੀਂ ਉਡਾਨ ਦੇਣ ਲਈ ਇਕ ਨਿਵੇਕਲਾ ਪ੍ਰੋਗਰਾਮ ਆਰੰਭਿਆ ਹੈ। ਲਰਨ ਐਂਡ ਗ੍ਰੋਅ (ਸਿੱਖੋ ਅਤੇ ਵਧੋ ) ਨਾਂਅ ਦੇ ਇਸ ਪ੍ਰੋਗਰਾਮ ਨੂੰ ਅੱਜ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡ ਮੁਹੰਮਦ ਪੀਰਾ ਤੋਂ ਲਾਂਚ ਕੀਤਾ।
ਪ੍ਰੋਗਰਾਮ ਤਹਿਤ ਹਰ ਹਫਤੇ ਡਿਪਟੀ ਕਮਿਸ਼ਨਰ ਸਮੇਤ ਵੱਖ ਵੱਖ ਸੀਨਿਅਰ ਅਧਿਕਾਰੀ, ਡਾਕਟਰ, ਇੰਜਨੀਅਰ ਅਤੇ ਸਮਾਜ ਦੀਆਂ ਹੋਰ ਪ੍ਰਮੁੱਖ ਸਖਸ਼ੀਅਤਾਂ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਜੀਵਨ ਸੰਘਰਸ਼ਾਂ ਵਿਚੋਂ ਸਫਲਤਾ ਪ੍ਰਾਪਤ ਕਰਨ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰਨਗੀਆਂ।
ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਅੱਜ ਸਕੂਲ ਦੇ ਵਿਦਿਆਰਥੀਆਂ ਨਾਲ ਇਕ ਅਧਿਆਪਕ ਦੀ ਭੁਮਿਕਾ ਵਿਚ ਵਿਚਰਦਿਆਂ ਉਨ੍ਹਾਂ ਨੂੰ ਜਿੰਮੇਵਾਰ ਨਾਗਰਿਕਤਾ ਵਿਸ਼ੇ ਤੇ ਲੈਕਚਰ ਦਿੱਤਾ। ਉਨ੍ਹਾਂ ਨੇ ਹੱਕਾਂ ਦੇ ਨਾਲ ਸਾਡੇ ਫਰਜਾਂ ਦਾ ਪਾਲਣ ਕਰਦਿਆਂ ਜੀਵਨ ਵਿਚ ਅੱਗੇ ਵੱਧਣ ਦੇ ਸੂਤਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਲੈਕਚਰ ਤੋਂ ਬਾਅਦ ਵਿਦਿਆਰਥੀਆਂ ਨੇ ਇਸ ਵਿਸੇ਼ ਤੇ ਖੁੱਲ ਕੇ ਡਿਪਟੀ ਕਮਿਸ਼ਨਰ ਨਾਲ ਚਰਚਾ ਕੀਤੀ।
ਕੀ ਹੈ ਲਰਨ ਐਂਡ ਗ੍ਰੋਅ ਪ੍ਰੋਗਰਾਮ
ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿੱਖਿਆ ਇਕ ਤਰਜੀਹੀ ਖੇਤਰ ਹੈ।ਸਰਕਾਰ ਦੀ ਇਸੇ ਤਰਜੀਹ ਅਨੁਸਾਰ ਉਲੀਕੇ ਇਸ ਪ੍ਰੋਗਰਾਮ ਤਹਿਤ ਸਿਵਲ ਸੇਵਾਵਾਂ ਦੇ ਅਧਿਕਾਰੀਆਂ, ਉਦਯੋਗਪਤੀਆਂ, ਨਿਆਂਇਕ ਅਧਿਕਾਰੀਆਂ, ਵਕੀਲਾਂ, ਡਾਕਟਰਾਂ, ਫੌਜੀ ਅਫ਼ਸਰਾਂ ਤੇ ਸਮਾਜ ਦੇ ਹੋਰ ਪਤਵੰਤਿਆਂ ਵੱਲੋਂ ਵਿਦਿਆਰਥੀਆਂ ਨੂੰ ਸਕੂਲਾਂ ਅੰਦਰ ਸਿੱਖਣ ਕ੍ਰਿਆਵਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਉਤਸਾਹਿਤ ਕੀਤਾ ਜਾਵੇਗਾ। ਇਸ ਤਰੀਕੇ ਨਾਲ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਪ੍ਰਸ਼ਾਸਕੀ ਕੰਮਕਾਜ ਦੇ ਜਾਣੂ ਹੋਏ ਵਿਦਿਆਰਥੀ ਪੰਜਾਬ ਦੀ ਵਿਕਾਸ ਗਾਥਾ ਦਾ ਅਟੁੱਟ ਹਿੱਸਾ ਬਣਨਗੇ।
ਜਦ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰਜ਼, ਐਸਡੀਐਮ, ਐਸਐਸਪੀ ਅਤੇ ਹੋਰ ਪਤਵੰਤੇ ਹਫਤੇ ਵਿਚ ਇਕ ਦਿਨ ਕਿਸੇ ਨਾ ਕਿਸੇ ਸਕੂਲ ਵਿਚ ਵਿਦਿਆਰਥੀਆਂ ਨੂੰ ਕਿਸੇ ਆਪਣੀ ਪਸੰਦ ਦੇ ਵਿਸੇ਼ ਤੇੇ ਲੈਕਚਰ (30 ਮਿੰਟ ਦਾ ਲੈਕਚਰ ਅਤੇ 10 ਮਿੰਟ ਦੀ ਚਰਚਾ) ਦੇਣਗੇ ਤਾਂ ਇਹ ਲੈਕਚਰ ਵਿਦਿਆਰਥੀਆਂ ਦੀ ਸੋਚ ਨੂੰ ਨਵੀਂ ਦਿਸ਼ਾ ਦੇਵੇਗਾ।ਇਸ ਦੌਰਾਨ ਅਧਿਕਾਰੀ ਸਾਹਿਬਾਨ ਵੱਲੋਂ ਸਕੂਲ ਦੀ ਹਾਲਤ ਅਤੇ ਇਸਦੀਆਂ ਜਰੂਰਤਾਂ ਸਬੰਧੀ ਦਿੱਤੇ ਫੀਡਬੈਕ ਦੇ ਅਧਾਰ ਤੇ ਸਬੰਧਤ ਸਕੂਲ ਦੇ ਵਿਕਾਸ ਲਈ ਪ੍ਰਸ਼ਾਸਨ ਢੁੱਕਵੇਂ ਕਦਮ ਲਵੇਗਾ।ਇਹ ਇਕ ਦੋ ਤਰਫਾ ਪ੍ਰੋਗਰਾਮ ਹੈ ਜਿਸ ਵਿਚ ਵਿਦਿਆਰਥੀ ਉਸਾਰੂ ਸੇਧ ਲੈਕੇ ਉਸਾਰੂ ਗਤੀਵਿਧੀਆਂ ਵਿਚ ਸ਼ਾਮਿਲ ਹੋਕੇ ਆਪਣੀ ਊਰਜਾ ਨੂੰ ਸਹੀ ਦਿਸ਼ਾ ਦੇਣਗੇ।
ਪ੍ਰੋਗਰਾਮ ਦੇ ਉਦੇਸ਼
ਇਹ ਪ੍ਰੋਗਰਾਮ ਦਸਵੀਂ ਅਤੇ ਬਾਰਵੀਂ ਤੋਂ ਬਾਅਦ ਵਿਦਿਆਰਥੀਆਂ ਨੁੰ ਆਪਣੇ ਵਿਸਿ਼ਆਂ ਅਤੇ ਕਿੱਤੇ ਦੀ ਚੋਣ ਕਰਨ, ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਆਪਣੇ 100 ਫੀਸਦੀ ਨਤੀਜੇ ਦੇ ਸਕਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਸਕੀਮਾਂ, ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕ ਕਰੇਗਾ।ਪ੍ਰੋਗਰਾਮ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕਤ ਕਰਦਿਆਂ ਉਨ੍ਹਾਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਏਗਾ ਅਤੇ ਬੱਚਿਆਂ ਵਿਚ ਸਾਹਿਤ ਪੜ੍ਹਨ ਦੀ ਰੂਚੀ ਪੈਦਾ ਕਰੇਗਾ ਤਾਂਕਿ ਉਹ ਭਵਿੱਖ ਦੇ ਚੰਗੇ ਬੁਲਾਰੇੇ, ਪਾਠਕ ਤੇ ਲੇਖਕ ਬਣ ਸਕਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪ੍ਰਸ਼ਾਸਨ ਵਿਦਿਆਰਥੀਆਂ ਨਾਲ ਸਿੱਧਾ ਅਤੇ ਨਿੱਜੀ ਸੰਪਰਕ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆ ਸੁਣਕੇ ਉਨ੍ਹਾਂ ਦਾ ਫੌਰੀ ਤੌਰ ਤੇ ਵਿਹਾਰਕ ਹੱਲ ਪ੍ਰਦਾਨ ਕਰੇਗਾ।ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਦੌਰੇ ਸਰਕਾਰੀ ਦਫ਼ਤਰਾਂ ਵਿੱਚ ਕਰਵਾਏ ਜਾਣਗੇ ਅਤੇ ਹੋਣਹਾਰ ਵਿਦਿਆਰਥੀਆਂ ਦੀ ਮੈਪਿੰਗ ਸੰਭਵ ਹੋ ਪਾਵੇਗੀ।
ਬਾਕਸ ਲਈ ਪ੍ਰਸਤਾਵਿਤ
ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨਾ:
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਲਈ ਤਦ ਹੀ ਤਿਆਰ ਰੱਖਿਆ ਜਾ ਸਕਦਾ ਹੈ ਜੇਕਰ ਉਨ੍ਹਾਂ ਨੂੰ ਨਿੱਜੀ ਅਤੇ ਜਨਤਕ ਖੇਤਰ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਪੂਰਾ ਅਤੇ ਵਿਹਾਰਕ ਗਿਆਨ ਦਿੱਤਾ ਹੋਵੇ।ਇਹ ਲੈਕਚਰ ਵਿਦਿਆਰਥੀਆਂ ਨੂੰ ਦੇਸ਼ ਵਿਚ ਆ ਰਹੇ ਅਜਿਹੇ ਬਦਲਾਵਾਂ ਬਾਰੇ ਜਾਣੂ ਕਰਵਾਉਣਗੇ ਤਾਂ ਜੋ ਵਿਦਿਆਰਥੀ ਇੰਨ੍ਹਾਂ ਤਬਦੀਲੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਸਕਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ, ਸਕੂਲ ਪ੍ਰਿੰਸੀਪਲ ਮੈਡਮ ਸਮ੍ਰਿਤੀ ਕਟਾਰੀਆ, ਅਮਿਤ ਸੇਤੀਆ, ਡੀ ਟੀ ਸੀ ਮਨੀਸ਼ ਠਕਰਾਲ ਆਦਿ ਮੌਜੂਦ ਸੀ |