ਮਲੋਟ ਸ਼ਹਿਰ ਵਿੱਚ ਸੀਵਰੇਜ ਵਿਵਸਥਾ ਨੂੰ ਬਿਹਤਰ ਬਣਾਉਣ ਲਈ 6 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ-ਡਾ.ਬਲਜੀਤ ਕੌਰ

ਮਲੋਟ, 28 ਨਵੰਬਰ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮਲੋਟ ਸ਼ਹਿਰ ਵਿੱਚ ਸੀਵਰੇਜ਼ ਵਿਵਸਥਾ ਨੂੰ ਬਿਹਤਰ ਬਣਾਉਣ ਲਈ 6 ਕਰੋੜ ਰੁਪਏ ਦੇ ਸੀਵਰੇਜ਼ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਲਈ ਬਿਹਤਰ ਨਾਗਰਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਈ ਵਿਕਾਸ ਪ੍ਰੋਜੈਕਟ ਚਲਾਏ ਹੋਏ ਹਨ।

ਡਾ. ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਮਲੋਟ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਨੂੰ ਸੁਧਾਰਨ ਲਈ ਅਤੇ ਸ਼ਹਿਰ ਦੇ ਨਿਵਾਸੀਆਂ ਨੂੰ ਬਿਹਤਰ ਅਤੇ ਸੰਪੂਰਣ ਸੀਵਰੇਜ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲਈ ਲਗਾਤਾਰ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਲੋਟ ਦੇ ਨਿਵਾਸੀ ਇਹ ਸਮੱਸਿਆ ਕਈ ਸਾਲਾਂ ਤੋਂ ਝੱਲ ਰਹੇ ਸਨ, ਜੋ ਕਿ ਹੁਣ ਇਸ ਪ੍ਰੋਜੈਕਟ ਰਾਹੀਂ ਹੱਲ ਹੋਵੇਗੀ।

ਮੰਤਰੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਮਲੋਟ ਸ਼ਹਿਰ ਦੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਨਿਵਾਸੀਆਂ ਦੀ ਜੀਵਨ ਗੁਣਵੱਤਾ ਨੂੰ ਸੁਧਾਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਸੰਬੰਧ ਵਿੱਚ, ਉਨ੍ਹਾਂ 6 ਕਰੋੜ ਦੀ ਲਾਗਤ ਨਾਲ ਮਲੋਟ ਦੀ ਮੇਨ ਕਾਲੋਨੀ ਰੋਡ ਉਪਰ ਵੱਡੀ ਪਾਈਪਾਂ ਵਾਲਾ ਸੀਵਰੇਜ ਵਿਛਾਏ ਜਾਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਨਾਲ ਪਿੰਕ ਸਿਟੀ ਅਤੇ ਦਸ਼ਮੇਸ਼ ਨਗਰ ਦੇ ਵਸਨੀਕਾਂ ਨੂੰ ਸੀਵਰੇਜ ਬੈਕਫਲੋ ਮੁਸ਼ਕਿਲ ਤੋਂ ਮੁਕੰਮਲ ਤੌਰ ‘ਤੇ ਨਿਜਾਤ ਮਿਲ ਜਾਵੇਗੀ।

ਮੰਤਰੀ ਨੇ ਕਿਹਾ ਕਿ ਮਲੋਟ ਵਿੱਚ ਦਾਣਾ ਮੰਡੀ ਡਿਸਪੋਜ਼ਲ ਤੋਂ ਭਗਵਾਨਪੁਰਾ ਤੱਕ ਸੀਵਰੇਜ ਨਿਕਾਸੀ ਲਈ 3100 ਮੀਟਰ ਲੰਬੀ ਰਾਈਜ਼ਿੰਗ ਮੇਨ ਪਾਈਪ ਵੀ ਬਦਲੀ ਜਾ ਰਹੀ ਹੈ। ਇਸ ਨਾਲ ਪੁੱਡਾ ਕਲੋਨੀ, ਸਟਾਰ ਸਿਟੀ ਕਾਲੋਨੀ ਅਤੇ ਸ਼ਹਿਰ ਦੇ 40% ਇਲਾਕੇ ਦੀ ਪਾਣੀ ਨਿਕਾਸੀ ਦੀ ਮੁਸ਼ਕਿਲ ਹੱਲ ਹੋ ਜਾਵੇਗੀ। ਇਹ ਪ੍ਰਾਜੈਕਟ ਨਾ ਸਿਰਫ਼ ਮਲੋਟ ਦੇ ਨਿਵਾਸੀਆਂ ਲਈ ਬੇਹਤਰ ਸਿਹਤ ਅਤੇ ਸਫਾਈ ਯਕੀਨੀ ਬਣਾਏਗਾ, ਬਲਕਿ ਇਹ ਸਮਾਜਿਕ ਵਿਕਾਸ ਅਤੇ ਆਰਥਿਕ ਵਾਧੇ ਵਿੱਚ ਵੀ ਯੋਗਦਾਨ ਪਾਏਗਾ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਨਵੇਂ ਪਾਈਪਲਾਈਨ ਦਾ ਡਿਜ਼ਾਇਨ ਆਧੁਨਿਕ ਤਕਨੀਕਾਂ ਦੇ ਨਾਲ ਤਿਆਰ ਕੀਤਾ ਗਿਆ ਹੈ, ਜੋ ਲੰਬੇ ਸਮੇਂ ਲਈ ਸਥਿਰਤਾ ਅਤੇ ਦ੍ਰਿੜਤਾ ਨੂੰ ਯਕੀਨੀ ਬਣਾਏਗਾ। ਇਸ ਪ੍ਰੋਜੈਕਟ ਦੇ ਅਧੀਨ ਉਚਿਤ ਮਾਨਟਰਿੰਗ ਅਤੇ ਪੂਰੀ ਪਰਖ ਵੀ ਕੀਤੀ ਜਾਵੇਗੀ ਤਾਂ ਜੋ ਕੰਮ ਦੀ ਗੁਣਵੱਤਾ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ। ਇਹ ਪ੍ਰੋਜੈਕਟ ਸਿਰਫ ਮਲੋਟ ਲਈ ਨਹੀਂ, ਸਗੋਂ ਪੂਰੇ ਪੰਜਾਬ ਲਈ ਵਿਕਾਸ ਦਾ ਇੱਕ ਨਵਾਂ ਮਾਡਲ ਪੇਸ਼ ਕਰੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਵਰੇਜ ਸੇਵਾਵਾਂ ਤੋਂ ਇਲਾਵਾ, ਸਾਫ ਪਾਣੀ ਦੀ ਸਪਲਾਈ, ਰੋਡ ਨਵੀਨੀਕਰਨ ਅਤੇ ਪਾਰਕਾਂ ਦੀ ਵਿਕਾਸ ਯੋਜਨਾ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

CATEGORIES
Share This

COMMENTS

Wordpress (0)
Disqus (0 )
Translate